Friday, July 5, 2024

25 ਨੂੰ ਸ਼ਹੀਦੀ ਸਮਾਗਮ ‘ਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਮਿਲ ਕੇ ਐਲਾਨੀ ਜਾਵੇਗੀ- ਭਾਈ ਪੰਥਪ੍ਰੀਤ, ਮਾਨ

PPN2410201503

ਬਠਿੰਡਾ, 24 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਰਗਾੜੀ ਅਤੇ ਕੋਟ ਕਪੂਰਾ ਵਿਖੇ ਵਾਪਰੀਆਂ ਅਤਿ ਮੰਦਭਾਗੀ ਘਟਨਾਵਾਂ ਕਾਰਣ ਸਿੱਖ ਪੰਥ ਵਿੱਚ ਉਪਜੇ ਰੋਸ ਨੂੰ ਪ੍ਰਗਟ ਕਰਨ ਲਈ ਸੰਘਰਸ਼ ਵਿੱਚ ਕੁੱਦੀਆਂ ਸਮੂਹ ਪੰਥਕ ਧਿਰਾਂ ਦੇ ਆਗੂਆਂ ਵੱਲੋਂ ਬੀਤੀ ਦੇਰ ਰਾਤ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੰਘਰਸ਼ ਵਿੱਚ ਸ਼ਹੀਦੀ ਜਾਮ ਪੀ ਚੁੱਕੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੇ 25 ਅਕਤੂਬਰ ਨੂੰ ਬਰਗਾੜੀ ਵਿਖੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਮੌਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਸਾਂਝੇ ਰੂਪ ਵਿੱਚ ਐਲਾਨੀ ਜਾਵੇਗੀ ਜਿਸ ਨੂੰ ਸਮੁੱਚੀਆਂ ਧਿਰਾਂ ਇੱਕ ਜੁੱਟ ਹੋ ਕੇ ਲਾਗੂ ਕਰਨ ਲਈ ਕੰਮ ਕਰਨਗੀਆਂ। ਇਸ ਮੀਟਿੰਗ ਵਿੱਚ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਸ: ਸਿਮਰਨਜੀਤ ਸਿੰਘ ਮਾਨ, ਭਾਈ ਬਲਜੀਤ ਸਿੰਘ ਦਾਦੂਵਾਲ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਦਲੇਰ ਸਿੰਘ ਖੇੜੀ ਵਾਲਾ, ਭਾਈ ਮੋਹਕਮ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਹਰਜਿੰਦਰ ਸਿੰਘ ਮਾਂਝੀ, ਸ: ਬੂਟਾ ਸਿੰਘ ਰਣਸੀਂਹ, ਭਾਈ ਧਿਆਨ ਸਿੰਘ ਮੰਡ, ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਸੁਖਜੀਤ ਸਿੰਘ ਖੋਸਾ, ਸ: ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਕਿਰਪਾਲ ਸਿੰਘ ਬਠਿੰਡਾ ਸ਼ਾਮਲ ਸਨ। ਉਕਤ ਸਾਰੇ ਹੀ ਆਗੂਆਂ ਨੇ ਕਿਹਾ ਕਿ ਸ਼ਹੀਦੀ ਸਮਾਗਮ ਕਿਸੇ ਇੱਕ ਵਿਅਕਤੀ ਜਾਂ ਇੱਕ ਜਥੇਬੰਦੀ ਦਾ ਉਲੀਕਿਆ ਹੋਇਆ ਪ੍ਰੋਗਰਾਮ ਨਹੀਂ ਬਲਕਿ ਸਮੁੱਚੇ ਪੰਥ ਦਾ ਸਮਾਗਮ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖੀ ਨੂੰ ਪਿਆਰ ਕਰਨ ਵਾਲਾਫ਼ ਹਮਦਰਦੀ ਰੱਖਣ ਵਾਲੀ ਹਰ ਜਥੇਬੰਦੀ ਅਤੇ ਹਰ ਵਿਅਕਤੀ ਜਥਿਆਂ ਦੇ ਰੂਪ ਵਿੱਚ ਹੁੰਮ-ਹੁਮਾ ਕੇ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਅਤੇ ਪੰਥਕ ਏਕਤਾ ਦਾ ਸਬੂਤ ਦੇਣ। ਉਕਤ ਆਗੂਆਂ ਨੇ ਕਿਹਾ ਕਿ ਭਾਵੇਂ ਸਮੇਂ ਦੀ ਘਾਟ ਕਾਰਣ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਜਾ ਸਕਿਆ ਪਰ ਇਸ ਦਾ ਇਹ ਭਾਵ ਨਹੀਂ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਨਹੀਂ ਬੁਲਾਇਆ ਗਿਆ; ਇਸ ਲਈ ਸਭਨਾ ਧਿਰਾਂ ਨੂੰ ਬੇਨਤੀ ਹੀ ਕਿ ਉਹ ਬਿਨਾਂ ਕਿਸੇ ਨਿਜੀ ਜਾਂ ਜਥੇਬੰਦਕ ਵੀਚਾਰਧਾਰਕ ਭਿੰਨ ਭੇਵ ਦੇ ਸ਼ਹੀਦਾਂ ਨੂੰ ਸ਼੍ਰਧਾ ਦੇ ਫੁੱਲ ਭੇਟ ਕਰਨ ਅਤੇ ਪੰਥਕ ਏਕਤਾ ਦਾ ਸਬੂਤ ਦੇਣ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply