Monday, July 8, 2024

ਧਰਮੀ ਅਤੇ ਕਿਰਤੀ ਲੋਕਾਂ ਨਾਲ ਜਬਰਤੰਤਰ ਕਿਉਂ? – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 8 ਦਸਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਰੋਸ ਪ੍ਰਗਟਾਉਂਦੀਆਂ ਸੰਗਤਾਂ ਉਪਰ ਜ਼ਾਲਮਾਨਾ ਤੇ ਕਾਤਲਾਨਾ ਹਮਲਿਆਂ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਇਨਸਾਫ ਲਈ ਤਤਪਰ ਸੰਗਤਾਂ ਨੂੰ ਜੇਲ੍ਹਾਂ ਵਿਚ ਡੱਕਣਾ ਲੋਕਤੰਤਰ ਦਾ ਲੱਕ ਤੋੜਨਾ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਪੰਜਾਬ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਦੇ ਪਰਦੇ ਹੇਠ ਸਿੱਖ ਨੌਜਵਾਨਾਂ, ਮਾਨਵੀ ਹੱਕਾਂ ਦੇ ਮੁਦੱਈ ਲੇਖਕਾਂ, ਵਕੀਲਾਂ, ਪ੍ਰਚਾਰਕਾਂ, ਪ੍ਰਦਰਸ਼ਨਕਾਰੀਆਂ, ਆਲੋਚਕਾਂ ਅਤੇ ਆਮ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹਕੂਮਤੀ ਤਸ਼ੱਦਦ ਦਾ ਸ਼ਿਕਾਰ ਲੋਕਾਂ ਦੀ ਅਵਾਜ਼ ਨੂੰ ਦਬਾਉਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਣ ਧਾਰਮਕਿ ਭਾਵਨਾਵਾਂ ਨੂੰ ਪੁੱਜੀ ਠੇਸ ਦੇ ਰੋਸ ਨੂੰ ਸਬਰਤੰਤਰ ਨਾਲ ਸੁਲਝਾਉਣ ਦੀ ਥਾਂ ਜਬਰਤੰਤਰ ਨਾਲ ਉਲਝਾਉਣ ਦਾ ਤਰੀਕਾ ਕਈ ਤਰਾਂ੍ਹ ਦੇ ਸਵਾਲ ਖੜੇ ਕਰ ਰਿਹਾ ਹੈ।ਉਨਾਂ ਕਿਹਾ ਕਿ ਇਹੀ ਕੁੱਝ ਕਿਰਤੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਰੋਧੀ ਸਿਆਸੀਆਂ ਨਾਲ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਅਤੇ ਪੁਲਿਸ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਅਪਣਾਏ ਜਾ ਰਹੇ ਤਰੀਕੇ ਭਾਰਤੀ ਸੰਵਿਧਾਨ ਦੀ ਜਮਹੂਰੀਅਤ ਦੇ ਵਿਰੁੱਧ ਹਨ ਅਤੇ ਹਰ ਇਕ ਇਨਸਾਫ ਪਸੰਦ ਨਾਗਰਿਕ ਇਹਨਾਂ ਤਰੀਕਿਆਂ ਦੀ ਵਿਰੋਧਤਾ ਕਰ ਰਿਹਾ ਹੈ।
ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਕਿਹਾ ਕਿ ਪਿੰਕੀ ਕੈਟ ਵਲੋਂ ਕੀਤੇ ਖਲਾਸੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਨੌਜਵਾਨਾਂ ਸਬੰਧੀ ਮਿਲ ਚੁੱਕੇ ਸਬੂਤਾਂ ਦੀ ਕੜੀ ਹੋਰ ਮਜਬੂਤ ਹੋ ਗਈ ਹੈ।ਪੰਜਾਬ ਪੁਲਿਸ ਦੇ ਬਰਖਾਸਤ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਕੈਟ ਦੀ ਇੰਟਰਵਿਊ ‘ਤੇ ਕੌਮਾਂਤਰੀ ਪੱਧਰ ਦੀ ਬਹਿਸ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਪੁਲਿਸ ਵਲੋਂ ਮਨੁੱਖਤਾ ਉੱਪਰ ਕੀਤੇ ਅਤੇ ਕੀਤੇ ਜਾ ਰਹੇ ਘਾਣ ਦੀ ਜਾਂਚ ਹੋ ਸਕੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply