Friday, July 5, 2024

ਖ਼ਾਲਸਾ ਕਾਲਜ ਐਗਰੀਕਲਚਰ ਵਿਭਾਗ ਵਲੋਂ ‘ਜਲਵਾਯੂ ਤਬਦੀਲੀ ਅਤੇ ਅਨੁਕੂਲ ਰਣਨੀਤੀ’ ਵਿਸ਼ੇ ‘ਤੇ ਸੈਮੀਨਾਰ

PPN2212201512ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ਅੱਜ ਵਿਦਿਆਰਥੀਆਂ ਨੂੰ ਖੇਤੀਬਾੜੀ ਸਬੰਧੀ ਉਚਿੱਤ ਨੁਕਤਿਆਂ ਅਤੇ ਮੌਸਮ ਦੇ ਬਦਲਾਅ ਨਾਲ ਹੋਣ ਵਾਲੇ ਫ਼ਸਲੀ ਨੁਕਸਾਨ ਸਬੰਧੀ ਜਾਣੂ ਕਰਵਾਉਣ ਲਈ ‘ਜਲਵਾਯੂ ਤਬਦੀਲੀ ਅਤੇ ਅਨੁਕੂਲ ਰਣਨੀਤੀ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਉਚੇਚੇ ਤੌਰ ‘ਤੇ ਪੁੱਜੇ ਖੇਤੀ ਮਾਹਿਰਾਂ ਨੇ ਮੌਸਮੀ ਬਦਲਾਅ ਦਾ ਖੇਤੀਬਾੜੀ, ਫ਼ਸਲਾਂ ਦੀ ਉਪਜ਼, ਗੁਣਵਤਾ ਅਤੇ ਖਾਰੀਆਂ ਜ਼ਮੀਨਾਂ ‘ਤੇ ਮਾੜੇ ਪ੍ਰਭਾਵ ਆਦਿ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ।ਇਕ ਰੋਜ਼ਾ ਸੈਮੀਨਾਰ ਦੌਰਾਨ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮੌਸਮੀ ਵਿਭਾਗ ਦੇ ਮੁੱਖੀ ਡਾ. ਪ੍ਰਭਜੋਤ ਕੌਰ ਅਤੇ ਡਾ. ਪਰਮਪਾਲ ਕੌਰ, ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ, ਕਰਨਾਲ ਤੋਂ ਡਾ. ਦਿਨੇਸ਼, ਸੈਂਟਰਲ ਸੇਲਾਈਨ ਸੋਇਲ ਰਿਸਰਚ ਇੰਸਟੀਚਿਊਟ (ਸੀ. ਐੱਸ. ਐੱਸ. ਆਰ. ਆਈ.) ਕਰਨਾਲ ਤੋਂ ਡਾ. ਪ੍ਰਵੀਨ ਕੁਮਾਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਰਾਜਬੀਰ ਸਿੰਘ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਐਗਰੀਕਲਚਰ ਵਿਭਾਗ ਮੁੱਖੀ ਡਾ. ਰਣਦੀਪ ਕੌਰ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ ਹੈ। ਸੈਮੀਨਾਰ ਮੌਕੇ ਡਾ. ਪ੍ਰਭਜੋਤ ਕੌਰ ਨੇ ਮੌਸਮੀ ਬਦਲਾਅ ਕਾਰਨ ਖੇਤੀਬਾੜੀ ਵਿਧੀਆਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਬਦਲਾਅ ਕਾਰਨ ਜਵਾਲਾਮੁੱਖੀ ਦਾ ਫ਼ਟਣਾ, ਹੜ੍ਹ, ਸੋਕਾ, ਤੂਫਾਨ ਅਤੇ ਭੂਚਾਲ ਆਦਿ ਵਰਗੀਆਂ ਕਰੋਪੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਇੰਸਦਾਨਾਂ ਮੁਤਾਬਕ ਪਿਛਲੇ 100 ਸਾਲਾਂ ਦੌਰਾਨ ਧਰਤੀ ਦੀ ਸਤ੍ਹਾ ਦਾ ਤਾਪਮਾਨ 0.5 ਸੈਲਸੀਅਸ ਵਧਿਆ ਹੈ ਅਤੇ ਭਾਰਤ ਵਿੱਚ ਇਹ ਵਾਧਾ 0.4 ਸੈਲਸੀਅਸ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਬਦਲਾਅ ਨਾਲ ਜਿੱਥੇ ਮੌਸਮ ਵਿੱਚ ਫ਼ਰਕ ਆਇਆ ਹੈ, ਉੱਥੇ ਇਸ ਕਾਰਨ ਖੇਤੀਬਾੜੀ ‘ਤੇ ਵੀ ਅਸਰ ਪੈ ਰਿਹਾ ਹੈ। ਮੌਸਮ ਦੇ ਇਹੀ ਬਦਲਾਅ ਕਾਰਨ ਅੱਜ ਫ਼ਸਲਾਂ ਦਾ ਝਾੜ ਅਤੇ ਗੁਣਵਤਾ ਵਿੱਚ ਕਮੀ ਆਈ ਹੈ।ਉਨ੍ਹਾਂ ਵਾਤਾਵਰਣ ਵਿੱਚ ਤਬਦੀਲੀਆਂ ਨੂੰ ਘਟਾਉਣ ਲਈ ਖੇਤੀ ਅਨੁਕੂਲਣ ਦੀਆਂ ਵਿਧੀਆਂ ਅਤੇ ਤਕਨੀਕਾਂ ‘ਤੇ ਚਾਨਣਾ ਪਾਉਂਦਿਆਂ ਵਾਯੂਮੰਡਲ ਵਿੱਚ ਗੈਸਾਂ (ਕਾਰਬਨ ਡਾਈਆਕਸਾਈਡ, ਮੀਥੇਨ ਆਦਿ) ਦੀ ਮਾਤਰਾ ਘਟਾਉਣ ਅਤੇ ਸਥਿਰਤਾ ਲਿਆਉਣ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ‘ਤੇ ਰੋਕ, ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਸਾੜਣ ‘ਤੇ ਰੋਕ ਲਗਾਉਣੀ ਤਾਂ ਕਿ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਾਤਾਵਰਣ ਵਿੱਚ ਨਾ ਵਧੇ, ਸਿੰਚਾਈ ਵਾਲੇ ਪਾਣੀ ਦੀ ਵਰਤੋਂ ਵਿੱਚ ਸੁਧਾਰ ਲਿਆਉਣ ਲਈ ਸੁਚੱਜੇ ਤਰੀਕੇ ਅਪਨਾਉਣਾ ਆਦਿ ਬਾਰੇ ਦੱਸਿਆ। ਇਸ ਮੌਕੇ ਡਾ. ਪਰਮਪਾਲ ਕੌਰ, ਡਾ. ਦਿਨੇਸ਼ ਅਤੇ ਡਾ. ਪ੍ਰਵੀਨ ਕੁਮਾਰ ਨੇ ਵੀ ਖੇਤੀਬਾੜੀ ਸਬੰਧੀ ਆਪਣੇ-ਆਪਣੇ ਤਜ਼ਰਬੇ ਤੇ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਪ੍ਰਿੰ: ਡਾ. ਮਹਿਲ ਸਿੰਘ ਨੇ ਵਿਭਾਗ ਮੁੱਖੀ ਡਾ. ਰਣਦੀਪ ਕੌਰ ਦੁਆਰਾ ਕਰਵਾਏ ਗਏ ਇਸ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰਾਂ ਦਾ ਆਯੋਜਨ ਕਰਨਾ ਸਮੇਂ ਦੀ ਲੋੜ ਹੈ। ਜਿਸ ਨਾਲ ਵਿਦਿਆਰਥੀ ਆਪਣੇ ਕਿੱਤੇ ਪ੍ਰਤੀ ਨਿਪੁੰਨ ਹੁੰਦਾ ਹੈ। ਇਸ ਮੌਕੇ ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਗੁਰਬਖਸ਼ ਸਿੰਘ, ਪ੍ਰੋ: ਰਾਕੇਸ਼ ਕੁਮਾਰ, ਪ੍ਰੋ: ਲਵਲੀਨ ਕੌਰ, ਪ੍ਰੋ: ਅਮਰਿੰਦਰ ਸਿੰਘ, ਪ੍ਰੋ: ਅਮਰਜੀਤ ਕੌਰ, ਪ੍ਰੋ: ਗੁਰਪਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਸਖਸ਼ੀਅਤਾਂ ਤੇ ਸਟਾਫ਼ ਮੌਜ਼ੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply