Monday, July 8, 2024

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਹਾਨ ਨਗਰ ਕੀਰਤਨ ਆਯੋਜਿਤ

U

ਨਗਰ ਕੀਰਤਨ ਸਮੇਂ ਸਰਬੱਤ ਖਾਲਸਾ ਸਮੇ ਚੁਣੇ ਗਏ ਜਥੇਦਾਰਾਂ ਦੇ ਵੱਡੇ ਪੋਸਟਰ ਖਿੱਚ ਦੇ ਕੇਂਦਰ ਬਣੇ

ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਮੁਹੱਲਾ ਗੁਰੂ ਨਾਨਕ ਪੁਰਾ ਮੁਹੱਲਾ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੇ ਨੌਜਵਾਨਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਤੋਂ ਅਰੰਭਤਾ ਦੀ ਅਰਦਾਸ ਭਾਈ ਚਮਕੌਰ ਸਿੰਘ ਭਾਈ ਰੂਪਾ ਵਲੋ ਕਰਨ ਉਪਰੰਤ ਨਗਰ ਕੀਰਤਨ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਹੀ ਸੰਪੰਨ ਹੋਇਆ। ਸ਼ਹੀਦ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇੇ ਸਹਿਯੋਗ ਨਾਲ ਸਜਾਏ ਗਏ ਇਸ ਇਤਿਹਾਸਕ ਮਹਾਨ ਨਗਰ ਕੀਰਤਨ ਦੌਰਾਨ ਰਾਗੀ ਜੱਥੇ ਵੱਲੋ ਪਾਵਨ ਗੁਰਬਾਣੀ ਦਾ ਰਸਭਿੰਨਾ ਕੀਰਤਨ ਗਾਇਨ ਕੀਤਾ ਗਿਆ ਅਤੇ ਸ਼੍ਰੀ ਗੁਰੂ ਗੋਬਿਦ ਸਿੰਘ ਜੀ ਦੇ ਇਤਿਹਾਸ ਤੋਂ ਸੰਗਤਾਂ ਨੁੰ ਜਾਣੂ ਕਰਵਾਇਆ ਜਾ ਰਿਹਾ ਸੀ। ਇਹ ਨਗਰ ਕੀਰਤਨ ਕਿੱਕਰ ਦਾਸ ਮੁਹੱਲਾ, ਬੱਸ ਸਟੈਂਡ, ਰਜਿੰਦਰਾ ਕਾਲਜ, ਫੌਜੀ ਚੌਕ, ਅਜੀਤ ਸਿੰਘ ਰੋਡ, ਕਲਾਕ ਟਾਵਰ, ਹਨੂੰਮਾਨ ਚੌਕ, ਮਾਲ ਰੋਡ, ਧੋਬੀ ਬਜਾਰ, ਸਿਰਕੀ ਬਜਾਰ, ਪੁਰਾਣਾਂ ਥਾਣਾਂ ਤੋਂ ਗੁਜਰਿਆਂ, ਸੰਗਤਾਂ ਨੇ ਥਾਂ ਪਰ ਥਾਂ ‘ਤੇ ਨਗਰ ਕੀਰਤਨ ਦਾ ਸੁਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਦੀਦਾਰੇ ਕੀਤੇ। ਨਗਰ ਕੀਰਤਨ ਸਮੇਂ ਲੱਗੀ ਪ੍ਰਦਰਸ਼ਨੀ ਵਿੱਚ ਸੰਗਤਾਂ ਨੂੰ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਨਿਹੰਗ ਜਥੇਬੰਦੀਆਂ, ਹਾਥੀ, ਨੱਚਣ ਵਾਲੀਆਂ ਘੋੜੀਆਂ, ਨਗਾਰੇ, ਨਰਸਿੰਗੇ ਅਤੇ ਇੰਟਰਨੈਸ਼ਨਲ ਗੱਤਕਾ ਪਾਰਟੀ ਦੇ ਖਾਲਸਾਈ ਲਿਬਾਸ ਵਿੱਚ ਸਜੇ ਨੌਜਵਾਨਾਂ ਵਲੋਂ ਗੱਤਕੇ ਦੇ ਜ਼ੌਹਰ ਦਿਖਾਏ ਗਏ। ਸ਼ਹਿਰ ਦੇ ਵਿਚਕਾਰਲੇ ਏਰੀਏ ਗੋਲਡਿੱਗੀ ਕੋਲ ਇੱਕ ਸਟੇਜ ਉੱਪਰ ਇੰਟਰਨੈਸਨਲ ਗੱਤਕਾ ਪਾਰਟੀ ਦੇ ਨੌਜਵਾਨਾਂ ਨੇ ਖਾਲਸਾਈ ਜੋਹਰ ਦਿਖਾ ਕੇ ਸੰਗਤਾਂ ਨੂੰ ਪੁਰਾਤਨ ਵਿਰਸੇ ਦੀ ਯਾਦ ਦਿਵਾਈ।ਨਗਰ ਕੀਰਤਨ ਵਿੱਚ ਸ਼ਾਮਲ ਭਾਰੀ ਗਿਣਤੀ ਸੰਗਤਾਂ ਲਈ ਸ਼ਰਧਾਲੂਆਂ ਵਲੋਂ ਬੜੀ ਸਰਧਾ ਭਾਵਨਾ ਨਾਲ ਸੁਵਾਗਤ ਕਰਦਿਆਂ ਦਾਲ ਰੋਟੀ ਦੇ ਲੰਗਰ ਤੋਂ ਇਲਾਵਾ ਚਾਹ, ਪਕੌੜਿਆਂ, ਮਠਿਆਈ, ਫਲਾਂ ਅਤੇ ਹੋਰ ਕਈ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਸਰਬੱਤ ਖਾਲਸਾ ਸਮਂੇ ਚੁਣੇ ਗਏ ਜਥੇਦਾਰਾਂ ਦੇ ਵੱਡੇ ਵੱਡੇ ਪੋਸਟਰ ਵੀ ਸੰਗਤਾਂ ਵਲੋਂ ਚੁੱਕੇ ਹੋਏ ਸਨ। ਨਗਰ ਕੀਰਤਨ ਵਿਚ ਇਲਾਕੇ ਦੀਆਂ ਸੰਗਤਾਂ ਤੋ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ,ਸ਼ਹੀਦ ਭਾਈ ਦੀਪ ਸਿੰਘ ਗੱਤਕਾ ਅਖਾੜਾ ਦੇ ਸਮੂਹ ਮੈਂਬਰ, ਬਠਿੰਡਾ ਯੂਥ ਫੋਰਮ ਦੇ ਭਾਈ ਯਾਦਵਿੰਦਰ ਸਿੰਘ ਤੇ ਹੋਰ ਮੈਂਬਰ, ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੇਵਾ ਸੁਸਾਇਟੀ ਦੇ ਮੈਂਬਰ, ਸਿਰਕੀਬੰਧ ਨੌਜਵਾਨ ਸਭਾ ਦੇ ਮੈਂਬਰ, ਸਾਹਿਬਜਾਦਾ ਜੁਝਾਰ ਸਿੰਘ ਸੇਵਾ ਸੁਸਾਇਟੀ ਦੇ ਮੈਬਰਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੱਖ ਵੱਖ ਧਾਰਮਿਕ ਜਥੇਬੰਦੀਆਂ ਨੇ ਆਪਣਾ ਯੋਗਦਾਨ ਪਾਇਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply