Friday, July 5, 2024

ਸੇਖਵਾਂ ਤੇ ਲੋਧੀਨੰਗਲ ਨੇ ਸਾਂਝੇ ਤੌਰ ‘ਤੇ ‘ਸ਼ਿਵ ਬਟਾਲਵੀ ਸੱਭਿਆਚਾਰਕ ਕੇਂਦਰ’ ਕੀਤਾ ਲੋਕ ਅਰਪਣ

PPN0301201605

ਬਟਾਲਾ, 3 ਜਨਵਰੀ (ਨਰਿੰਦਰ ਸਿੰਘ ਬਰਨਾਲ)- ਬਟਾਲਾ ਵਾਸੀਆਂ ਤੇ ਸ਼ਿਵ ਪ੍ਰੇਮੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਨੂੰ ਅੱਜ ਲੋਕ ਅਰਪਣ ਕਰ ਦਿੱਤਾ ਗਿਆ। ਸ਼ਿਵ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਦੀ ਇਮਾਰਤ ਦੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਚੇਅਰਮੈਨ ਤੇ ਸਾਬਕਾ ਵਜ਼ੀਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਨਿਭਾਈ ਜਦਕਿ ਇਸ ਮੌਕੇ ਹੋਏ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੋ. ਰਾਕੇਸ਼ ਕੁਮਾਰ ਅਤੇ ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਹੋਏ ਸਾਹਿਤਕ ਸਮਾਗਮ ਵਿੱਚ ਪਦਮ ਸ੍ਰੀ ਡਾਕਟਰ ਸੁਰਜੀਤ ਪਾਤਰ, ਪ੍ਰਸਿੱਧ ਅਲੋਚਕ ਡਾ. ਜੋਗਿੰਦਰ ਸਿੰਘ ਕੈਰੋਂ, ਸੂਫੀ ਗਾਇਕ ਵਡਾਲੀ ਭਰਾ, ਨਾਟਕਕਾਰ ਕੇਵਲ ਧਾਲੀਵਾਲ, ਡਾ. ਰਵਿੰਦਰ ਸਿੰਘ, ਡਾ. ਅਨੂਪ ਸਿੰਘ ਸਮੇਤ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰਾਂ, ਸ਼ਿਵ ਪ੍ਰੇਮੀਆਂ ਅਤੇ ਬਟਾਲਾ ਵਾਸੀ ਵੀ ਮੌਜੂਦ ਸਨ। ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਸ. ਲਖਬੀਰ ਸਿੰਘ ਲੋਧੀਨੰਗਲ ਨੇ ਇਸ ਖੂਬਸੂਰਤ ਯਾਦਗਾਰ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਿਵ ਬਟਾਲਵੀ ਦੀ ਯਾਦਗਾਰ ਨੂੰ ਮੁੜ ਸੁਰਜੀਤ ਕਰਨ ਲਈ 2 ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਿਵ ਦੀ ਇਹ ਯਾਦਗਾਰ ਬਹੁਤ ਖੂਬਸੂਰਤ ਬਣੀ ਹੈ ਅਤੇ ਸਾਹਿਤਕਾਰਾਂ ਲਈ ਇੱਕ ‘ਮੱਕਾ’ ਹੋ ਨਿਬੜੇਗੀ।
ਜਥੇਦਾਰ ਸੇਖਵਾਂ ਤੇ ਲੋਧੀਨੰਗਲ ਨੇ ਦੱਸਿਆ ਕਿ ਆਡੀਟੋਰੀਅਮ ਦੇ ਅੰਦਰੂਨੀ ਭਾਗ ਵਿੱਚ ਕੰਧਾਂ ਅਤੇ ਛੱਤ ਦੀ ਸੀਲਿੰਗ ਕਰਕੇ ਇਸਨੂੰ ਖੂਬਸੂਰਤ ਰੂਪ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸਾਰੇ ਹਾਲ ਵਿੱਚ ਵਧੀਆ ਕਿਸਮ ਦਾ ਮੈਟ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਵਿੱਚ ਦਰਸ਼ਕਾਂ ਦੇ ਬੈਠਣ ਲਈ ਅਰਾਮਦਾਇਕ 250 ਲਗਜ਼ਰੀ ਕੁਰਸੀਆਂ ਲਗਾਈਆਂ ਗਈਆਂ ਹਨ। ਇਸਤੋਂ ਇਲਾਵਾ ਸਾਰਾ ਆਡੀਟੋਰੀਅਮ ਸਾਊਂਡ ਪਰੂਫ ਤੇ ਫਾਇਰ ਪਰੂਫ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਸਮੁੱਚਾ ਹਾਲ ਵਾਤਾਅਨਕੂਲ ਹੈ ਅਤੇ ਇਸਦੀ ਸਟੇ ਬਹੁਤ ਹੀ ਖੂਬਸੂਰਤ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ‘ਚ ਸਾਰਾ ਸਾਊਂਡ ਸਿਸਟਮ ਅਤਿ-ਆਧੁਨਿਕ ਤਕਨੀਕ ਨਾਲ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਇਹ ਯਾਦਗਾਰ ਜਿਥੇ ਸ਼ਿਵ ਦੀ ਯਾਦਗਾਰ ਵਜੋਂ ਜਾਣੀ ਜਾਵੇਗੀ ਉਥੇ ਇਹ ਸਾਹਿਤਕ ਕੇਂਦਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।
ਸਾਹਤਿਕ ਸਮਾਗਮ ਦੌਰਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਪਦਮ ਸ੍ਰੀ ਡਾਕਟਰ ਸੁਰਜੀਤ ਪਾਤਰ ਨੇ ਸ਼ਿਵ ਬਟਾਲਵੀ ਨੂੰ ਅਮਰ ਸ਼ਾਇਰ ਕਹਿੰਦਿਆਂ ਕਿਹਾ ਕਿ ਸ਼ਿਵ ਤੇ ਉਸਦੀ ਸ਼ਾਇਰੀ ਲੋਕ ਮਨਾ ਵਿੱਚ ਵੱਸਦੀ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦੇ ਰੂਪ ਵਿੱਚ ਸਾਹਿਤਕਾਰਾਂ ਨੂੰ ਇਹ ਇੱਕ ਨਵਾਂ ਟਿਕਾਣਾ ਮਿਲਿਆ ਹੈ ਅਤੇ ਸ਼ਿਵ ਦੀ ਇਸ ਯਾਦਗਾਰ ਅੰਦਰ ਉਸਦੇ ਤੇ ਹੋਰ ਸਾਹਿਤਕਾਰਾਂ ਦੇ ਬੋਲ ਹਮੇਸ਼ਾਂ ਗੂੰਜ਼ਦੇ ਰਹਿਣਗੇ।
ਇਸ ਮੌਕੇ ਪ੍ਰਸਿੱਧ ਅਲੋਚਕ ਡਾ. ਜੋਗਿੰਦਰ ਸਿੰਘ ਕੈਰੋਂ ਨੇ ਬਟਾਲਾ ਵਾਸੀਆਂ ਸਮੇਤ ਪੂਰੀ ਦੁਨੀਆਂ ਅੰਦਰ ਵੱਸਦੇ ਸ਼ਿਵ ਪ੍ਰੇਮੀਆਂ ਨੂੰ ਇਸ ਖੂਬਸੂਰਤ ਯਾਦਗਾਰ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉੱਦਮ ਕਾਬਲੇ ਤਰੀਫ ਹੈ। ਇਸੇ ਦੌਰਾਨ ਨਾਟਕਕਾਰ ਕੇਵਲ ਧਾਲੀਵਾਲ ਨੇ ਵੀ ਸ਼ਿਵ ਦੇ ਜੀਵਨ ਤੇ ਉਸਦੀ ਰਚਨਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸਤੋਂ ਪਹਿਲਾਂ ਡਾ. ਰਵਿੰਦਰ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੇ ਜੀਵਨੀ ‘ਤੇ ਝਾਤ ਪਾਉਂਦਿਆਂ ਦੱਸਿਆ ਕਿ ਸ਼ਿਵ ਦੀ ਸ਼ਾਇਰੀ ਇਸ ਕਦਰ ਲੋਕ ਮਨਾਂ ਵਿੱਚ ਵੱਸ ਗਈ ਹੈ ਕਿ ਉਸਦੇ ਲਿਖੇ ਕਈ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਗਏ ਹਨ। ਉਨ੍ਹਾਂ ਕਿਹਾ ਕਿ ਸ਼ਿਵ ਧਰਤੀ ਨਾਲ ਜੁੜਿਆ ਸ਼ਾਇਰ ਸੀ ਜਿਸਨੇ ਆਪਣੀ ਸ਼ਾਇਰੀ ‘ਚ ਹਰ ਰੰਗ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਰਹਾ ਦਾ ਸੁਲਤਾਨ ਇਹ ਸ਼ਾਇਰ ਹਮੇਸ਼ਾਂ ਲੋਕ ਮਨਾਂ ਵਿੱਚ ਵੱਸਦਾ ਰਹੇਗਾ।
ਇਸ ਮੌਕੇ ਪ੍ਰਸਿੱਧ ਸਾਇਰ ਡਾ. ਅਨੂਪ ਸਿੰਘ, ਸੁਰਿੰਦਰ ਸਿੰਘ ਕਾਹਲੋਂ, ਸੁਖਦੇਵ ਪ੍ਰੇਮੀ, ਦਵਿੰਦਰ ਦੀਦਾਰ, ਮਨਮੋਹਨ ਕਪੂਰ, ਸੰਧੂ ਬਟਾਲਵੀ, ਸੁਭਾਸ਼ ਓਹਰੀ ਪ੍ਰਧਾਨ ਜਿਲ੍ਹਆ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸ੍ਰੀ ਬਲਬੀਰ ਸਿੰਘ ਬਿੱਟੂ ਸੀਨੀਅਰ ਅਕਾਲੀ ਆਗੂ, ਬਲਵਿੰਦਰ ਗੰਭੀਰ, ਚੰਨ ਬੋਲੇਵਾਲੀਆ, ਵਿਜੇ ਅਗਨੀਹੋਤਰੀ, ਸ਼ਰਨਜੀਤ ਸਿੰਘ ਤੋਂ ਇਲਾਵਾ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਦੇ ਸਮੂਹ ਮੈਂਬਰ ਅਤੇ ਬਟਾਲਾ ਵਾਸੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply