Thursday, July 4, 2024

ਕਾਂਗਰਸ ਨੇ ਦੇਸ਼ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਪੱਖੋਂ ਕਈ ਦਹਾਕੇ ਪਿਛੇ ਪਾਇਆ – ਬਾਦਲ

PPN0301201606

ਬਟਾਲਾ (ਕਾਹਨੂੰਵਾਨ), 3 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਵਿੱਚ ਅਜਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਲੰਬਾ ਸਮਾਂ ਰਾਜ ਕੀਤਾ। ਇਹਨਾਂ ਵੱਖ ਵੱਖ ਸਰਕਾਰਾਂ ਦੇ ਕਾਰਜ ਕਾਲ ਦੌਰਾਨ ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਦੀ ਤਰੱਕੀ ਜਾਂ ਖੁਸ਼ਹਾਲੀ ਲਈ ਕੋਈ ਜਿਕਰਯੋਗ ਕੰਮ ਨਹੀਂ ਕੀਤਾ। ਕੇਂਦਰ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨੂੰ ਆਣਪੇ ਸਿਆਸੀ ਹਿੱਤਾਂ ਲਈ ਵਰਤਿਆ ਪਰ ਪੰਜਾਬੀਆਂ ਨੂੰ ਹਮੇਸ਼ਾਂ ਹੀ ਓਪਰੀ ਨਜ਼ਰ ਨਾਲ ਦੇਖਿਆ ਜਿਸ ਕਾਰਨ ਪੰਜਾਬ ਕਾਂਗਰਸ ਸਰਕਾਰਾਂ ਦੀਆਂ ਨੀਤੀਆਂ ਕਾਰਨ ਵਿਕਾਸ ਅਤੇ ਹੋਰ ਸਰਬਪੱਖੀ ਨੀਤੀਆਂ ਤੋਂ ਵਿਹੂਣਾ ਰਿਹਣ ਗਿਆ। ਜਿਸ ਕਾਰਨ ਪੰਜਾਬ ਦੀ ਤਰੱਕੀ ਨੂੰ ਬਣਦੀ ਰਫਤਾਰ ਨਹੀਂ ਮਿਲੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ ਸਿੰਘ ਬਾਦਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਭੱਟੀਆਂ ਵਿੱਖੇ ਅੱਜ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਹੋਈ ਕਾਨਫਰੰਸ ਵਿੱਚ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਨੇ ਵਿਕਾਸ ਅਤੇ ਅਮਨਸ਼ਾਂਤੀ ਦਾ ਮਹੌਲ ਸਿਰਜਿਆ। ਅੱਜ ਪੰਜਾਬ ਹਰ ਪੱਖ ਤੋਂ ਵਿਾਕਸ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ। ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨ ਕੌਮੀ ਸ਼ਹੀਦ ਮੰਨੇ ਗਏ ਹਨ। ਇਹਨਾਂ ਜਵਾਨਾਂ ਦੀਆਂ ਜਵਾਨੀਆਂ ਸਦਕਾ ਹੀ ਦੇਸ਼ ਦੀ ਸਵਾ ਅਰਬ ਅਬਾਦੀ ਸੁੱਖ ਦੀ ਨੀਂਦ ਸੌਂ ਰਹੀ ਹੈ। ਉਹਨਾਂ ਕਿਹਾ ਕਿ ਉਹ ਇਹਨਾਂ ਘਟਨਾ ਨੂੰ ਅੱਗੇ ਤੋਂ ਰੋਕਣ ਲਈ ਪੰਜਾਬ ਅੰਦਰ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਹੋਰ ਮੁਸਤੈਦੀ ਕਰਨ ਲਈ ਪਾਬੰਦ ਕਰਾਂਗੇ। ਪੱਤਰਕਾਰਾਂ ਵੱਲੋਂ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਪਠਾਨਕੋਟ ਦਾ ਅਤਿਵਾਦੀ ਹਮਲਾ ਹੋਣ ਬਾਰੇ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਗੁਆਂਡੀ ਦੇਸ਼ ਦੀ ਅਸਿਧੀ ਜੰਗ ਸਾਡੇ ਦੇਸ਼ ਨਾਲ ਲੱਗਣ ਦਾ ਸਬੂਤ ਹੈ। ਉਹਨਾਂ ਨੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ। ਉਹਨਾਂ ਕਿਹਾ ਕਿ ਸਾਡੇ ਵਿਰੋਧੀ ਸਾਡੇ ਉੱਪਰ ਅਜਿਹੇ ਦੋਸ਼ ਰਾਜਨੀਤਿਕ ਭਾਵਨਾਂਵਾਂ ਤਹਿਤ ਲਾ ਰਹੇ ਹਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅੰਮਰਿੰਦਰ ਸਿੰਘ ਝੂਠੀ ਸਿਆਸੀ ਬਿਆਨਬਾਜੀ ਕਾਰਨ ਦਾ ਆਦੀ ਹੈ। ਆਮ ਆਦਮੀ ਪਾਰਟੀ ਦੇ ਨਾਲ ਅਕਾਲੀ ਦਲ ਦੇ ਸਿਆਸੀ ਮੁਕਾਬਲੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਹੁਣ ਕੋਈ ਬਹੁਤ ਅਧਾਰ ਨਹੀਂ ਹੈ। ਇਹ ਪਾਰਟੀ ਦੂਸਰੀਆਂ ਪਾਰਟੀਆਂ ਦੇ ਨਕਾਰੇ ਹੋਏ ਆਗੂਆਂ ਦੀ ਡਫੈਕਟਡ (ਨੁਕਸਦਾਰ) ਕਿਸਮ ਦੇ ਲੋਕਾਂ ਦੀ ਪਾਰਟੀ ਹੈ। ਪੰਜਾਬ ਵਿੱਚ ਦਲਿਤਾਂ ਉੱਤੇ ਹੋ ਰਹੇ ਹਮਲਿਆਂ ਅਤੇ ਪੁਲਿਸ ਤਸ਼ੱਦਦ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਾਕਰ ਨੇ ਇਹਨਾਂ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ। ਇਸ ਲਈ ਅਜਿਹਾ ਕੋਈ ਮਹੌਲ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਅਤੇ ਪਿੰਡਾਂ ਦੇ ਵਿਕਾਸ ਲਈ ਸੰਗਤ ਦਰਸ਼ਨ ਪ੍ਰੋਗਰਾਮ ਆਪਣੀ ਕਾਰਗੁਜਾਰੀ ਦਾ ਜਾਇਜਾ ਲੈਣ ਅਤੇ ਆਪਣੀ ਪਾਰਟੀ ਦੀਆਂ ਕਾਰਵਾਈਆਂ ਦਾ ਐਕਸਰਾ ਕਰਨ ਵਾਲਾ ਪ੍ਰੋਗਰਾਮ ਹੈ। ਜਿਸ ਵਿੱਚ ਆਪਣੀ ਸਰਕਾਰ ਦੀ ਮੌਜੂਦਾ ਸਥਿਤੀ ਸਪੱਸ਼ਟ ਹੋ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਰੋਟ ਜੈਮਲ ਸਿੰਘ ਨੇੜੇ ਮਾਰੇ ਗਏ ਟੈਕਸੀ ਚਾਲਕ ਨੌਜਵਾਨ ਦੇ ਪਰਿਵਾਰ ਨੂੰ 5 ਲੱਖ ਨਕਦ ਸਹਾਇਤਾ, ਉਸ ਦੀ ਪਤਨੀ ਨੂੰ ਯੋਗਤਾ ਅਨੁਸਰਾ ਸਰਕਾਰੀ ਨੌਕਰੀ, ਉਸ ਦੇ ਮਾਪਿਆਂ ਅਤੇ ਬੱਚਿਆਂ ਦੀ ਪੈਨਸ਼ਨ ਸ਼ੁਰੂ ਸਾਡੀ ਸਰਕਾਰ ਕਰੇਗੀ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਬਲਾਕ ਕਾਹਨੂੰਵਾਨ ਵਿੱਚ ਕੋਈ ਡਿਗਰੀ ਕਾਲਜ ਨਾ ਹੋਣ ਕਾਰਨ ਇਹ ਹਲਕਾ ਵਿਦਿਆ ਪੱਖੋਂ ਪੱਛੜਦਾ ਸੀ। ਇਸ ਲਈ ਉਹ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਮੰਗ ਉੱਤੇ ਬਲਾਕ ਦੇ ਪਿੰਡ ਲਾਧੂਪੁਰ ਵਿੱਚ ਸਰਕਾਰੀ ਡਿਗਰੀ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਲੜਕੇ ਲੜਕੀਆਂ ਉੱਚ ਵਿਦਿਆ ਹਾਸਲ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਜਥੇ. ਸੇਵਾ ਸਿੰਘ ਸੇਖਵਾਂ, ਜਗਰੂਪ ਸਿੰਘ ਸੇਖਵਾਂ, ਡਿਪਟੀ ਕਮਿਸ਼ਰਨ ਡਾ. ਅਭਿਨਵ ਤ੍ਰਿਖਾ, ਐਸਐਸਪੀ ਗੁਰਪ੍ਰੀਤ ਸਿੰਘ ਤੂਰ, ਐਸਡੀਐਮ ਡਾ. ਸਈਅਦ ਆਇਰਸ਼ ਅਸਗਰ, ਤਹਿਸੀਲਦਾਰ ਨਵਤੇਜ ਸਿੰਘ ਸੋਢੀ, ਜੋਗਿੰਦਰ ਸਿੰਘ ਛੀਨਾ, ਹਰਜੀਤ ਸਿੰਘ ਟਿੱਕਾ ਚੈਂਚਲ ਸਿੰਘ ਬਾਗੜੀਆਂ, ਕੁਲਵੰਤ ਸਿੰਘ ਭਾਟੀਆ, ਸਰਬਜੀਤ ਸਿੰਘ ਜਾਗੋਵਾਲ, ਡਾ. ਜਗਬੀਰ ਸਿੰਘ ਧਰਮਸੋਤ, ਸੋਹਣ ਸਿੰਘ ਨੈਨੇਕੋਟ, ਸਰਪੰਚ ਰਣਦੀਪ ਸਿੰਘ ਮਾਨੀ, ਸਰਪੰਚ ਮਲਕੀਤ ਸਿੰਘ ਬਿੱਲਾ, ਐਸਡੀਓ ਜੈ ਪਾਲ ਸਿੰਘ, ਐਸਡੀਓ ਰਾਮ ਗੋਪਾਲ, ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਜ਼ਿਲ੍ਹਾ ਸਿੱਖਿਆ ਆਫਸਰ ਅਮਰਦੀਪ ਸਿੰਘ ਸੈਣੀ, ਐਕਸੀਅਨ ਪੀਐਸ ਟਿਵਾਣਾ, ਸਿਵਲ ਸਰਜਨ ਜੀਐਸ ਰੰਧਾਵਾ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply