Friday, July 5, 2024

ਪਠਾਨਕੋਟ ਹਮਲੇ ਦੀ ਸਾਜਿਸ਼ ਅਮਨ ਵਿਰੋਧੀ ਸ਼ਕਤੀਆਂ ਨੇ ਰਚੀ – ਹਰਸਿਮਰਤ ਬਾਦਲ

PPN0301201607

ਬਠਿੰਡਾ, 3 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਅਤੇ ਸੁਰੱਖਿਆ ਬਲਾਂ ਵੱਲੋਂ ਪਠਾਨਕੋਟ ਵਿਚ ਆਏ ਆਤਂਕੀਆਂ ਦੇ ਮਨਸੂਬਿਆਂ ਨੂੰ ਪੂਰੀ ਸਫਲਤਾ ਨਾਲ ਅਸਫਲ ਬਣਾਉਣ ਦੀ ਸ਼ਲਾਘਾ ਕਰਦਿਆਂ ਕੇਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪਠਾਨਕੋਟ ਆਤਂਕੀ ਹਮਲੇ ਪਿੱਛੇ ਉਨ੍ਹਾਂ ਅਮਨ ਵਿਰੋਧੀ ਆਂਤਕੀ ਸ਼ਕਤੀਆਂ ਦਾ ਹੱਥ ਹੈ ਜੋ ਭਾਰਤ-ਪਾਕਿ ਦੇ ਰਿਸਤਿਆਂ ਵਿਚ ਨੇੜਤਾ ਨਹੀਂ ਚਾਹੁੰਦੀਆਂ। ਵੱਖ ਵੱਖ ਪਿੰਡਾਂ ਵਿਚ ਸੰਗਤ ਦਰਸ਼ਨਾਂ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੁਰੱਖਿਆ ਬਲਾਂ ਵੱਲੋਂ ਬਹਾਦਰੀ ਨਾਲ ਕਾਰਵਾਈ ਕਰਦਿਆਂ ਆਤਂਕੀ ਹਮਲੇ ਨੂੰ ਪਛਾੜਨ ਲਈ ਜਵਾਨਾਂ ਨੂੰ ਵਧਾਈ ਦਿੰਦਿਆਂ ਅਤੇ ਇਸ ਓਪ੍ਰੇਸ਼ਨ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਨੂੰ ਆਪਣੇ ਸੁੱਰਖਿਆ ਬਲਾਂ ਤੇ ਮਾਣ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੁੱਰਖਿਆ ਏਜੰਸੀਆਂ ਵੱਲੋਂ ਬਿਹਤਰ ਤਾਲਮੇਲ ਰਾਹੀਂ ਆਤਂਕੀਆਂ ਦੀ ਪਠਾਨਕੋਟ ਏਅਰਬੇਸ ਨੂੰ ਉਡਾਉਣ ਦੀ ਨਾਪਾਕ ਯੋਜਨਾ ਨੂੰ ਅਸਫਲ ਬਣਾਉਣ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਦੀਨਾਨਗਰ ਹਮਲੇ ਸਮੇਂ ਵੀ ਪੰਜਾਬ ਪੁਲਿਸ ਨੇ ਦੁਸਰੀਆਂ ਏਂਜਸੀਆਂ ਨਾਲ ਮਿਲ ਕੇ ਘੁਸਪੈਠੀਆਂ ਨੂੰ ਮਾਰ ਮੁਕਾਇਆ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿੱਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਾਕਿਸਤਾਨ ਗਏ ਸਨ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਵੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਦੋਹਾਂ ਦੇਸਾਂ ਵਿਚ ਰਿਸਤਿਆਂ ਵਿਚ ਸੁਧਾਰ ਦੇ ਸੰਕੇਤ ਦਿੱਤੇ ਸਨ।ਪੱਤਰਕਾਰਾਂ ਵੱਲੋਂ ਪੁੱਛੇ ਇਕ ਹੋਰ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਜੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਧਾਰਮਿਕ ਯਾਤਰਾ ਨਿਰੋਲ ਜਨ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਇਸ ਪਿੱਛੇ ਕੋਈ ਰਾਜਨਿਤਿਕ ਏਂਜਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣਾ, ਜਿੱਥੇ ਉਨ੍ਹਾਂ ਲਈ ਆਮ ਹਾਲਾਤਾਂ ਵਿਚ ਸਮਾਜਿਕ-ਆਰਥਿਕ ਜਾਂ ਪਰਿਵਾਰਕ ਕਾਰਨਾਂ ਕਰਕੇ ਜਾਣਾ ਸੰਭਵ ਨਹੀਂ ਹੁੰਦਾ, ਕਿਸੇ ਵੀ ਤਰਾਂ ਨਾਲ ਗਲਤ ਨਹੀਂ ਹੈ। ਕਾਂਗਰਸ ਵੱਲੋਂ ਇਸ ਯਾਤਰਾ ਸਬੰਧੀ ਕੀਤੇ ਜਾ ਰਹੇ ਸਵਾਲਾਂ ਨੂੰ ਸਿਰੇ ਤੋਂ ਨਕਾਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਜਦ ਪੰਜਾਬ ਵਿਚ ਆਪਣੀ ਸਰਕਾਰ ਸੀ ਤਾਂ ਉਸਨੇ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਦਾ ਸਮਾਜ ਦੇ ਸਾਰੇ ਵਰਗਾਂ ਅਤੇ ਧਰਮਾਂ ਦੇ ਲੋਕਾਂ ਨੂੰ ਲਾਭ ਹੁੰਦਾ ਹੋਵੇ। ਜਦ ਕਿ ਵਰਤਮਾਨ ਸਰਕਾਰ ਦੀ ਤੀਰਥ ਯਾਤਰਾ ਸਕੀਮ ਸਭ ਧਰਮਾਂ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਉਨ੍ਹਾਂ ਦੇ ਅਕੀਦਤ ਦੇ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਵਿਚ ਭਾਈਚਾਰਕ ਸਾਂਝ ਹੋਰ ਮਜਬੂਤ ਹੋਵੇਗੀ।
ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਇਕੋ ਇਕ ਸੂਬਾ ਹੈ ਜਿੱਥੇ ਕੁਦਰਤੀ ਆਪਦਾ ਕਾਰਨ ਨਰਮੇ ਦੀ ਫਸਲ ਨੂੰ ਹੋਏ ਨੁਕਸਾਨ ਸਬੰਧੀ ਗਿਰਦਾਵਰੀ ਕਰਵਾਉਣ ਤੋਂ ਬਾਅਦ ਮੁਆਵਜਾ ਵੀ ਕਿਸਾਨਾਂ ਨੂੰ ਵੰਡਿਆਂ ਗਿਆ ਹੈ। ਜਦ ਕਿ ਹੁਣ ਨਰਮਾ ਪੱਟੀ ਦੇ ਖੇਤ ਮਜਦੂਰਾਂ ਨੂੰ ਵੀ ਜਲਦ ਹੀ ਕੁੱਲ 640 ਕਰੋੜ ਰੁਪਏ ਦੇ ਮੁਆਵਜੇ ਦਾ 10 ਫੀਸਦੀ ਭਾਵ 64 ਕਰੋੜ ਰੁਪਏ ਦਾ ਮੁਆਵਜਾ ਸਰਕਾਰ ਵੱਲੋਂ ਵੰਡਿਆਂ ਜਾ ਰਿਹਾ ਹੈ। ਜਦਕਿ ਦੂਜੇ ਕਪਾਹ ਉਤਪਾਦਕ ਰਾਜਾਂ ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ, ਜਿੱਥੇ ਵੀ ਚਿੱਟੀ ਮੱਖੀ ਕਾਰਨ ਫਸਲ ਬਰਬਾਦ ਹੋਈ ਸੀ ਹਾਲੇ ਤੱਕ ਕਿਸਾਨਾਂ ਨੂੰ ਕੋਈ ਮੁਆਵਜਾ ਨਹੀਂ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਐਮ ਪੀ ਸ਼੍ਰੀਮਤੀ ਪਰਮਜੀਤ ਕੌਰ ਗੁਲਸ਼ਨ, ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਐਸ ਐਸ ਪੀ ਸਵਪਨ ਸ਼ਰਮਾ, ਜਿਲ੍ਹਾ ਟਰਾਂਸਪੋਰਟ ਅਫ਼ਸਰ ਲਤੀਫ ਅਹਿਮਦ, ਆਈ.ਏ.ਐਸ. ਅਮ੍ਰਿਤਾ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਆਦਿ ਵੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply