Monday, July 8, 2024

ਪਾਵਰ ਕਾਰਪੋਰੇਸ਼ਨ ਦੇ ਪੈਂਨਸ਼ਨਰ ਪੈਂਨਸ਼ਨ ਨੂੰ ਤਰਸਣ ਲੱਗੇ

ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੰਤਰੀ ਸੁਖਬੀਰ ਬਾਦਲ ਖ਼ਜ਼ਾਨੇ ਖਾਲੀ ਹੋਣ ਦੀਆਂ ਖ਼ਬਰਾਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਇਸ ਨੂੰ ਵਿਰੋਧੀਆਂ ਦਾ ਕੇਵਲ ਝੂਠਾ ਪ੍ਰਚਾਰ ਕਹਿ ਕੇ ਇਹ ਟਾਹਰਾਂ ਮਾਰਨ ਤੋਂ ਕਦੀ ਪਿੱਛੇ ਨਹੀਂ ਹਟਦੇ ਕਿ ਪੰਜਾਬ ਦੇ ਖ਼ਜ਼ਾਨੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਪੰਜਾਬ ਸਰਕਾਰ ਦਾ ਹਾਲ ਆਰਥਕ ਸਥਿਤੀ ਇਹ ਹੈ ਕਿ ਬੁਢੇਪਾ ਪੈੱਨਸ਼ਨਾਂ ਤਾਂ ਕਦੀ ਉਸ ਸਮੇਂ ਹੀ ਰੀਲੀਜ਼ ਹੁੰਦੀਆਂ ਹਨ ਜਦੋਂ ਕਦੀ ਨੇੜੇ ਭਵਿੱਖ ਵਿੱਚ ਕਿਸੇ ਕਿਸਮ ਦੀ ਸਿਆਸੀ ਚੋਣ ਹੋਵੇ ਜਾਂ ਕੇਵਲ ਉਸ ਹਲਕੇ ਵਿੱਚ ਜਿਥੇ ਜ਼ਿਮਨੀ ਚੋਣ ਹੋਣੀ ਹੋਵੇ। ਸਰਕਾਰੀ ਮੁਲਾਜਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਂ ਸਿਰ ਮਿਲਣੀਆਂ ਤਾਂ ਰਹੀਆਂ ਸਗੋਂ ਮੁਲਾਜ਼ਮਾਂ ਨੂੰ ਆਪਣੀਆਂ ਤਨਖ਼ਾਹਾਂ ਅਤੇ ਪੈਂਨਸ਼ਨਰਾਂ ਨੂੰ ਆਪਣੀਆਂ ਪੈਂਨਸ਼ਨਾਂ ਲਈ ਲੰਬਾ ਸਮਾ ਉਡੀਕ ਕਰਨੀ ਪੈਂਦੀ ਹੈ। ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਆਰਥਿਕ ਹਾਲਤ ਚੰਗੀ ਰਹੀ ਹੈ ਕਿਉਂਕਿ ਇਹ ਖ਼ੁਦ ਕਮਾਊ ਅਦਾਰਾ ਹੋਣ ਕਰਕੇ ਇਸ ਨੂੰ ਬਹੁਤ ਪੰਜਾਬ ਸਰਕਾਰ’ਤੇ ਨਿਰਭਰ ਨਹੀਂ ਹੋਣਾ ਪੈਂਦਾ। ਇਹੋ ਕਾਰਣ ਹੈ ਕਿ ਜਿਥੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਂਨਸ਼ਨਰ ਤਾਂ ਪਹਿਲਾਂ ਹੀ ਆਪਣੀਆਂ ਤਨਖ਼ਾਹਾਂ ਅਤੇ ਪੈਂਨਸ਼ਨਾਂ ਨੂੰ ਤਰਸਦੇ ਰਹਿੰਦੇ ਸਨ ਪਰ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਮੁਲਾਜ਼ਮਾਂ ਨੂੰ ਹੁਣ ਤੱਕ ਕਦੀ ਐਸੀ ਦਿਕਤ ਦਾ ਸਾਹਮਣਾਂ ਨਹੀਂ ਕਰਨਾ ਪਿਆ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਦਾ ਸਿੱਟਾ ਹੈ ਕਿ ਹੁਣ ਇਸ ਦਾ ਅਸਰ ਪਾਵਰ ਕਾਰਪੋਰੇਸ਼ਨ ‘ਤੇ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਸਦਕਾ ਪੈਂਨਸ਼ਨਰਾਂ ਨੂੰ ਦਸੰਬਰ ਮਹੀਨੇ ਦੀਆਂ ਪੈਂਨਸ਼ਨਾਂ ਹਾਲੀ ਤੀਕ ਨਹੀਂ ਮਿਲੀਆਂ। ਪੁੱਛਣ ‘ਤੇ ਕੋਈ ਅਧਿਕਾਰੀ ਤਾਂ ਚੁੱਪ ਰਹਿਣਾ ਹੀ ਬਿਹਤਰ ਸਮਝਦਾ ਹੈ ਅਤੇ ਕਿਸੇ ਪਾਸੋਂ ਜਵਾਬ ਮਿਲਦਾ ਹੈ ਕਿ ਕਿਸੇ ਲੋਨ ਦੀ ਕਿਸ਼ਤ ਭਰਨੀ ਪਈ ਪਰ ਇਸ ਨੂੰ ਮਿਲਣ ਵਾਲੇ ਲੋਨ ਦੀ ਕਿਸ਼ਤ ਹਾਲੀ ਤੱਕ ਰੀਲੀਜ਼ ਨਹੀਂ ਹੋਈ। ਪਟਿਆਲਾ ਸਥਿਤ ਕਾਰਪੋਰੇਸ਼ਨ ਦੇ ਵਿੱਤ ਸਲਾਹਕਾਰ ਦੇ ਦਫਤਰ ਤੋਂ ਪਤਾ ਕਰਨ ‘ਤੇ ਦੱਸਿਆ ਗਿਆ ਕਿ ਕੋਲੇ ਦੀ ਜਰੂਰੀ ਅਦਾਇਗੀ ਕਰਨੀ ਪਈ ਇਸ ਲਈ ਪੈਂਨਸ਼ਨਾਂ ਨਹੀਂ ਮਿਲ ਸਕੀਆਂ; ਵਿਤ ਸਲਾਹਕਾਰ ਸ਼੍ਰੀ ਚੌਧਰੀ ਖ਼ੁਦ ਦਿੱਲੀ ਪੈਸੇ ਦਾ ਪ੍ਰਬੰਧ ਕਰਨ ਗਏ ਹਨ ਜਦੋਂ ਪ੍ਰਬੰਧ ਹੋ ਗਿਆ ਉਸੇ ਸਮੇਂ ਪੈਂਨਸ਼ਨਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ।ਬੇਸ਼ੱਕ ਅਧਿਾਕਾਰਤ ਤੌਰ ‘ਤੇ ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ ਪਰ ਅਣਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਕਹਿਣ ‘ਤੇ ਕਾਰਪੋਰੇਸ਼ਨ ਨੂੰ ਮਜ਼ਬੂਰਨ ਪੰਜਾਬ ਸਰਕਾਰ ਦੇ ਕਿਸੇ ਹੋਰ ਲੋਨ ਦੀ ਅਦਾਇਗੀ ਕਰਨੀ ਪਈ ਜਿਸ ਕਾਰਣ ਇਸ ਨੂੰ ਆਪਣੇ ਪੈਂਨਸ਼ਨਾਂ ਰੋਕਣੀਆਂ ਪਈਆਂ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply