Friday, July 5, 2024

ਪੰਜਾਬ ਵਿਚ ਛੇਤੀ ਹੀ ਸਰਕਾਰੀ ਸੇਵਾਵਾਂ ਮਿਲਣਗੀਆਂ ਘਰ ਦੇ ਬੂਹੇ ‘ਤੇ – ਝੂੰਦਾ

PPN2702201610

ਸੰਦੌੜ, 27 ਫਰਵਰੀ (ਹਰਮਿੰਦਰ ਸਿੰਘ ਭੱਟ)-‘ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਸਰਕਾਰ ਨਾਲ ਸਬੰਧਤ ਬਹੁਤੇ ਕੰਮ ਕੰਪਿਊਟਰ ਦੇ ਇਕ ਕਲਿਕ ‘ਤੇ ਕਰਨ ਜਾ ਰਹੀ ਹੈ ਅਤੇ ਈ-ਗਵਰਨੈਂਸ, ਇਸ ਦਾ ਹੀ ਇਕ ਹਿੱਸਾ ਹੈ, ਜਿਸ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦੇਸ਼ ਭਰ ਵਿਚੋਂ ਸਰਬੋਤਮ ਸੂਬਾ ਐਲਾਨਿਆ ਜਾ ਚੁੱਕਾ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ. ਇਕਬਾਲ ਸਿੰਘ ਝੂੰਦਾ ਨੇ ਅਮਰਗੜ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨਾਂ ਦੱਸਿਆ ਕਿ ਪੰਜਾਬ ਭਰ ਵਿਚ 500 ਦੇ ਕਰੀਬ ਸਾਂਝ ਕੇਂਦਰ, 153 ਫਰਦ ਕੇਂਦਰ, 132 ਸੁਵਿਧਾ ਕੇਂਦਰ ਪੰਜਾਬ ਦੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਉਨਾਂ ਕਿਹਾ ਕਿ ਇੰਨਾਂ ਕੁੱਝ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਾਨੂੰਨੋਗੀ ਪੱਧਰ ‘ਤੇ ਲੋਕ ਸੁਵਿਧਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਕੰਮ ਬਿਲਕੁੱਲ ਘਰ ਦੇ ਬੂਹੇ ਅੱਗੇ ਕਰਵਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਸ. ਝੂੰਦਾ ਨੇ ਕਿਹਾ ਕਿ ਇੰਨਾਂ ਸੁਵਿਧਾਵਾਂ ਨੇ ਰਾਜ ਵਿਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਵਿਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਉਨਾਂ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਈ-ਗਵਰਨੈਂਸ ਦੇ ਇਸ ਪ੍ਰਾਜੈਕਟ ਦੀ ਆਪ ਨਜਰਸਾਨੀ ਕਰ ਰਹੇ ਹਨ ਅਤੇ ਆਸ ਹੈ ਕਿ ਛੇਤੀ ਹੀ ਪੰਜਾਬ ਭਰ ਵਿਚ ਉਸਾਰੇ ਜਾ ਚੁੱਕੇ 21 ਹਜ਼ਾਰ ਦੇ ਕਰੀਬ ਸੇਵਾ ਕੇਂਦਰ ਛੇਤੀ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਨਾਲ ਪਿੰਡ ਪੱਧਰ ‘ਤੇ ਇਹ ਸਹੂਲਤਾਂ ਪਹੁੰਚ ਜਾਣਗੀਆਂ। ਉਨਾਂ ਕਿਹਾ ਕਿ ਇਹ ਸੇਵਾ ਕੇਂਦਰ ਡੇਢ ਤੋਂ ਦੋ ਕਿਲੋਮੀਟਰ ਦੇ ਦਾਇਰੇ ਵਿਚ ਉਸਾਰੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕੰਮ ਕਰਵਾਉਣ ਲਈ ਵੱਧ ਦੂਰੀ ਤਹਿ ਨਾ ਕਰਨੀ ਪਵੇ।  ਸ. ਝੂੰਦਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਅੰਦਰ ਲੋਕ ਸੁਵਿਧਾ ਕੈਂਪ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਹੀ ਸਚੁੱਜੇ ਢੰਗ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਹਨਾਂ ਕੈਂਪਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਰਕਾਰੀ ਸਕੀਮਾਂ ਅਤੇ ਦਫ਼ਤਰੀ ਕਾਰਜ਼ਾਂ ਦਾ ਭਰਪੂਰ ਲਾਹਾ ਲੈ ਰਹੇ ਹਨ।
ਇਸ ਮੌਕੇ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਕੁਮਾਰ ਨੇ ਕਿਹਾ ਕਿ ਦਫ਼ਤਰੀ ਕੰਮਾਂ ਲਈ ਆਮ ਲੋਕਾਂ ਦੇ ਸਮੇਂ ਦੀ ਬਚਤ ਹੋ ਰਹੀ ਹੈ, ਉਥੇ ਇਕ ਥਾਂ ਤੇ ਵੱਖ ਵੱਖ ਸਰਕਾਰੀ ਸੇਵਾਵਾਂ ਦੇਣ ਲਈ ਇਹ ਕੈਂਪ ਲਾਹੇਵੰਦ ਸਾਬਿਤ ਹੋ ਰਹੇ ਹਨ। ਉਨਾਂ ਨੇ ਸ. ਝੂੰਦਾ ਨਾਲ ਵੱਖ ਵੱਖ ਵਿਭਾਗਾਂ ਵੱਲੋਂ ਲੋਕ ਸੁਵਿਧਾਵਾਂ ਲਈ ਲਗਾਈਆਂ ਸਟਾਲਾਂ ਦਾ ਨਿਰੀਖਣ ਵੀ ਕੀਤਾ। ਅੱਜ ਦੇ ਇਸ ਕੈਂਪ ਵਿਚ 192 ਲਰਨਿੰਗ ਲਾਇਸੈਂਸ, 425 ਪੈਨਸ਼ਨਾਂ, 26 ਸ਼ਨਾਖਤੀ ਕਾਰਡ, 31 ਅੰਗਹੀਣਤਾ ਸਰਟੀਫਕੇਟ, 329 ਲਾਇਸੈਂਸ ਸਬੰਧੀ ਮੈਡੀਕਲ, 35 ਬੈਂਕ ਖਾਤੇ, 98 ਅਧਾਰ ਕਾਰਡ, 9 ਜਾਤੀ ਸਰਟੀਫਿਕੇਟ, 17 ਰੈਜੀਡੈਂਸ ਸਰਟੀਫਿਕੇਟ, 74 ਇੰਤਕਾਲ, 455 ਪੈਨਸ਼ਨ ਵੈਰੀਫਿਕੇਸ਼ਨ ਅਤੇ ਹੋਰ ਵੱਖ-ਵੱਖ ਸਰਕਾਰੀ ਸਕੀਮਾਂ ਬਾਬਤ ਵਿਭਾਗਾਂ ਵੱਲੋਂ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ, ਜਿਸ ਨਾਲ ਉਨਾਂ ਦੇ ਕੰਮ ਅਸਾਨੀ ਨਾਲ ਹੋ ਸਕਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply