Monday, July 1, 2024

ਸੰਨ 1857 ਵਿੱਚ ਅਜਨਾਲਾ ਵਿੱਚ ਕਤਲ ਕੀਤੇ ਗਏ ਹਿੰਦੁਸਤਾਨੀ ਸੈਨਿਕਾਂ ਦੀ ਅਜ਼ਾਦੀ ਦੀ ਦੂਸਰੀ ਵਰ੍ਹੇ-ਗੰਢ ਮਨਾਈ

PPN2802201616ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਪੂਰੇ 157 ਵਰ੍ਹੇ ਤਕ ਅਜਨਾਲਾ ਦੇ ਖੂਹ ਦੀ ਕਾਲੀ ਮਿੱਟੀ ਵਿਚ ਦਫ਼ਨ ਰਹਿਣ ਦੇ ਬਾਅਦ ਸੰਨ 1857 ਦੇ ਰਾਸ਼ਟਰੀ ਵਿਦ੍ਰੋਹ ਦੇ 282 ਸੈਨਿਕਾਂ ਨੂੰ ਦੋ ਵਰ੍ਹੇ ਪਹਿਲਾਂ 28 ਫਰਵਰੀ ਨੂੰ ਅਜ਼ਾਦੀ ਨਸੀਬ ਹੋਈ ਸੀ।ਜਿਸ ਸੰਬੰਧੀ ਅੱਜ ਸਵੇਰੇ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਵਿਚੋਂ ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਕਢਵਾਉਣ ਵਾਲੇ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਦੇ ਨਿਵਾਸ ‘ਤੇ ਉਪਰੋਕਤ ਸੈਨਿਕਾਂ ਦੀ ਆਜ਼ਾਦੀ ਦੀ ਦੂਸਰੀ ਵਰ੍ਹੇ-ਗੰਢ ਮਨਾਈ ਗਈ।ਇਸ ਮੌਕੇ ਹਵਨ-ਯਗ ਕਰਕੇ ਸੈਨਿਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।
ਸ਼੍ਰੀ ਕੋਛੜ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੌਂਪੀ ਸੈਨਿਕਾਂ ਦੀਆਂ ਹੱਡੀਆਂ ਦੀ ਵਿਗਿਆਨਕ ਜਾਂਚ ਦੀ ਕਾਰਵਾਈ ਅਜੇ ਤਕ ਪੂਰੀ ਨਹੀਂ ਕੀਤੀ ਗਈ ਹੈ, ਪਰ ਪੀ.ਯੂ. ਦੇ ਪ੍ਰੋਫ਼ੈਸਰ ਡਾ. ਜੇ.ਐਸ. ਸ਼ੇਰਾਵਤ ਨੇ ਪੰਜਾਬ ਸੈਰ ਸਪਾਟਾ ਅਤੇ ਪੁਰਾਤਤਵ ਵਿਭਾਗ ਦੀ ਮਾਰਫ਼ਤ ਉਪਰੋਕਤ ਕਤਲੇਆਮ ਨਾਲ ਸੰਬੰਧਿਤ ਇਤਿਹਾਸਕ ਤਰੁਟੀਆਂ ਅਤੇ ਅੱਧ-ਅਧੂਰੀ ਖੋਜ ‘ਤੇ ਅਧਾਰਿਤ ਇਕ ਰਿਪੋਰਟ ਤਿਆਰ ਕਰਕੇ ਉਹਨਾਂ ਪਾਸ ਪ੍ਰਕਾਸ਼ਿਤ ਹਿਤ ਮਨਜ਼ੂਰੀ ਅਤੇ ਸੁਝਾਅ ਲੈਣ ਲਈ ਜ਼ਰੂਰ ਭੇਜੀ ਹੈ।ਸ਼੍ਰੀ ਕੋਛੜ ਨੇ ਦੱਸਿਆ ਕਿ ਉਹਨਾਂ ਵਿਭਾਗ ਨੂੰ ਰਜਿਸਟਰਡ ਪੱਤਰ ਜਾਰੀ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਪਰੋਕਤ ਰਿਪੋਰਟ ਕਿਸੇ ਵੀ ਪੱਖੋਂ ਜਨਤਕ ਕਰਨ ਯੋਗ ਨਹੀਂ ਹੈ।ਉਹਨਾਂ ਦੱਸਿਆ ਕਿ ਪ੍ਰੋ. ਸ਼ੇਰਾਵਤ ਨੇ ਆਪਣੀ ਰਿਪੋਰਟ ਵਿਚ ਆਪਣੇ ਖੇਤਰ ਅਤੇ ਉਹਨਾਂ ਨੂੰ ਸੌਂਪੇ ਗਏ ਕਾਰਜ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਕੋਈ ਨਵੀਂ ਤੇ ਪ੍ਰਮਾਣਿਕ ਵਿਗਿਆਨਕ ਜਾਣਕਾਰੀ ਦੇਣ ਦੀ ਬਜਾਇ ਸੰਨ 1857 ਦੇ ਰਾਸ਼ਟਰੀ ਵਿਦ੍ਰੋਹ ਦੇ ਇਤਿਹਾਸ ਵਿਚ ਆਪਣੇ ਕਲਪਨਾਤਮਿਕ ਵਿਚਾਰਾਂ ਨਾਲ ਨਵੇ ਵਿਵਾਦ ਖੜੇ ਕਰਨ ਦਾ ਉਪਰਾਲਾ ਕੀਤਾ ਹੈ।ਉਹਨਾਂ ਕਿਹਾ ਕਿ ਵਿਗਿਆਨਕ ਜਾਂਚ ਦੇ ਨਾਂ ‘ਤੇ ਉਪਰੋਕਤ ਰਿਪੋਰਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਖੁਦਾਈ ਦੇ ਦੌਰਾਨ ਇਨ੍ਹਾਂ ਸੈਨਿਕਾਂ ਦੀ ਨੌਕਰੀ ਦੀ ਕੋਈ ਫਾਈਲ ਮਿਲੀ ਹੁੰਦੀ ਤਾਂ ਇਨ੍ਹਾਂ ਦੀ ਪਹਿਚਾਣ ਕਰਨੀ ਆਸਾਨ ਹੋ ਜਾਣੀ ਸੀ।ਸ਼੍ਰੀ ਕੋਛੜ ਨੇ ਦੱਸਿਆ ਕਿ ਉਹਨਾਂ ਦੁਆਰਾ ਭੇਜੇ ਗਏ ਉਪਰੋਕਤ ਪੱਤਰ ਦੇ ਬਾਅਦ ਡਾ. ਸ਼ੇਰਾਵਤ ਨੇ ਉਹਨਾਂ ਨਾਲ ਫੋਨ ‘ਤੇ ਗਲਬਾਤ ਕਰਦਿਆਂ ਸੂਬਾ ਸਰਕਾਰ ਦੁਆਰਾ ਇਸ ਕਾਰਜ ਲਈ ਉਹਨਾਂ ਨੂੰ ਕੋਈ ਆਰਥਿਕ ਲਾਭ ਨਾ ਦਿੱਤੇ ਜਾਣ ਪ੍ਰਤੀ ਨਰਾਜ਼ਗੀ ਜ਼ਾਹਰ ਕਰਦਿਆਂ ਸੈਨਿਕਾਂ ਦੀਆਂ ਅਸਥੀਆਂ ਨੂੰ ਕੂੜੇ ਦਾ ਢੇਰ ਦੱਸਦਿਆਂ ਸੈਨਿਕਾਂ ਦੀਆਂ ਹੱਡੀਆਂ ਪੰਜਾਬ ਸਰਕਾਰ ਨੂੰ ਵਾਪਸ ਭੇਜਣ ਦੀ ਗਲ ਕਹੀ, ਜਿਸਦੀ ਸ਼੍ਰੀ ਕੋਛੜ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਪਰੋਕਤ ਜਾਂਚ ਅਧਿਕਾਰੀ ਦੇ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।

ਪਹਿਲਾਂ ਦਿੱਤੇ ਬਿਆਨਾਂ ਤੋਂ ਪਲਟੀ ਜਾਂਚ ਟੀਮ
ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਅਜਨਾਲਾ ਦੇ ਖੂਹ ਦੀ ਖੁਦਾਈ ਦੇ ਪੂਰੇ 48 ਦਿਨਾਂ ਬਾਅਦ ਮੌਕੇ ‘ਤੇ ਪਹੁੰਚੇ ਪੀ.ਯੂ. ਦੇ ਪ੍ਰੋ. ਸ਼ੇਰਾਵਤ ਨੇ ਪਹਿਲਾਂ ਕੁਝ ਅੰਗਰੇਜ਼ੀ ਅਤੇ ਪੰਜਾਬੀ ਅਖ਼ਬਾਰਾਂ ਵਿਚ ਜਨਤਕ ਤੌਰ ‘ਤੇ ਇਹ ਦਾਵਾ ਕਰਕੇ ਕਿ ਖੂਹ ਵਿਚੋਂ ਮਿਲੀਆਂ ਹੱਡੀਆਂ ਪਸ਼ੂਆਂ ਦੀਆਂ ਵੀ ਹੋ ਸਕਦੀਆਂ ਹਨ ਅਤੇ ਖੂਹ ਵਿਚ ਦਫ਼ਨ ਸੈਨਿਕਾਂ ਦੀ ਗੋਲੀਆਂ ਨਾਲ ਹੱਤਿਆ ਕੀਤੇ ਜਾਣ ਦਾ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ; ਇਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਸੀ।ਜਦੋਂਕਿ ਹੁਣ ਉਹਨਾਂ ਆਪਣੇ ਪਹਿਲਾਂ ਦਿੱਤੇ ਬਿਆਨ ਤੋਂ ਪੂਰੀ ਤਰ੍ਹਾਂ ਨਾਲ ਪਲਟਦਿਆਂ ਮੌਜੂਦਾ ਰਿਪੋਰਟ ਵਿਚ ਪੂਰੇ ਦਾਵੇ ਨਾਲ ਲਿਖਿਆ ਹੈ ਕਿ ਖੂਹ ਵਿਚੋਂ ਕੱਢੀਆਂ ਗਈਆਂ ਹੱਡੀਆਂ ਵਿਚੋਂ ਕਿਸੇ ਵੀ ਪਸ਼ੂ ਦੀ ਹੱਡੀ ਜਾਂ ਦੰਦ ਨਹੀਂ ਮਿਲਿਆ ਅਤੇ ਇਨ੍ਹਾਂ ਨੂੰ ਮਾਰੀਆਂ ਗਈਆਂ ਬਹੁਤੀਆਂ ਗੋਲੀਆਂ ਇਨ੍ਹਾਂ ਦੀਆਂ ਹੱਡੀਆਂ ਵਿਚੋਂ ਵੀ ਮਿਲਿਆਂ ਹਨ।

40 ਵਰ੍ਹਿਆਂ ਤੋਂ ਹੋ ਰਿਹਾ ਸੀ ਸਿੱਖ ਮਰਿਆਦਾ ਦਾ ਘਾਣ
ਸ਼੍ਰੀ ਕੋਛੜ ਨੇ ਦੱਸਿਆ ਕਿ ਖੂਹ ‘ਤੇ ਉਸਾਰੇ ਗਏ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੇ ਲੋਕ ਖੂਹ ਦੀ ਹੋਂਦ ਤੋਂ ਬੇਖਬਰ ਜਾਂ ਕਿਸੇ ਹੋਰ ਨਿਜੀ ਮਨਸ਼ਾ ਨਾਲ ਪਿਛਲੇ 40 ਵਰ੍ਹਿਆਂ ਤੋਂ ਮਨੁੱਖੀ ਲਾਸ਼ਾਂ ਨਾਲ ਭਰੇ ਉਪਰੋਕਤ ਖੂਹ ਦੇ ਬਿਲਕੁਲ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਰਹੇ ਸਨ।ਇਸ ਦੌਰਾਨ ਗੁਰਦੁਆਰੇ ਨਾਲ ਸੰਬੰਧਿਤ ਕਈ ਕਮੇਟੀਆਂ ਹੋਂਦ ਵਿਚ ਆਈਆਂ ਪਰ ਖੂਹ ਦੇ ਉਪਰ ਪ੍ਰਕਾਸ਼ ਨਿਰੰਤਰ ਜਾਰੀ ਰਿਹਾ।ਸ਼੍ਰੀ ਕੋਛੜ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਉਹਨਾਂ ਤੋਂ ਪਹਿਲਾਂ ਕਿਸੇ ਵੀ ਸੰਸਥਾ ਜਾਂ ਵਿਦਵਾਨ ਨੇ ਖੂਹ ਦੀ ਖੋਜ ਕਰਕੇ ਉਸ ਵਿਚੋਂ ਪਿੰਜਰ ਬਣ ਚੁੱਕੀਆਂ ਲਾਸ਼ਾਂ ਕਢਵਾਉਣ ਦਾ ਉਪਰਾਲਾ ਨਹੀਂ ਕੀਤਾ ਜਿਸ ਕਾਰਨ ਲੰਬੇ ਸਮੇਂ ਤੋਂ ਉਪਰੋਕਤ ਗੁਰਦੁਆਰੇ ਵਿਚ ਸਿੱਖਾਂ ਦੀਆਂ ਧਾਰਮਿਕ ਮਰਿਆਦਾਵਾਂ ਅਤੇ ਭਾਵਨਾਵਾਂ ਦਾ ਘਾਣ ਹੋ ਰਿਹਾ ਸੀ।

ਜਾਂਚ ਦੇ ਨਾਂ ‘ਤੇ ਸੈਨਿਕਾਂ ਦੇ ਦੰਦਾਂ ਦੀ ਗਿਣਤੀ ਨੂੰ ਲੈ ਕੇ ਨਵਾਂ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼
ਸ਼੍ਰੀ ਕੋਛੜ ਨੇ ਦੱਸਿਆ ਕਿ ਪੀ.ਯੂ. ਦੀ ਜਾਂਚ ਟੀਮ ਨੂੰ ਵਿਗਿਆਨਕ ਜਾਂਚ ਲਈ ਖੁਦਾਈ ਦੇ ਦੌਰਾਨ ਮਿਲੇ ਸੈਨਿਕਾਂ ਦੇ 6636 ਦੰਦ ਸੌਂਪੇ ਗਏ ਸਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਇਕ ਨਵਾਂ ਭੁਲੇਖਾ ਖੜ੍ਹਾ ਕਰਦਿਆਂ ਇਹ ਦਾਵਾ ਕੀਤਾ ਗਿਆ ਹੈ ਕਿ ਸੈਨਿਕਾਂ ਦੀ ਗਿਣਤੀ 200 ਤੋਂ ਵੀ ਘੱਟ ਹੋ ਸਕਦੀ ਹੈ।ਉਹਨਾਂ ਕਿਹਾ ਕਿ ਜਾਂਚ ਟੀਮ ਦਾ ਉਪਰੋਕਤ ਦਾਵਾ ਬੇਹਦ ਗੈਰ-ਜਿੰਮੇਦਾਰਾਨਾ ਹੈ ਕਿਉਂਕਿ ਇਹ ਸੈਨਿਕ ਉਸ ਇਲਾਕੇ ਦੇ ਹਨ, ਜਿੱਥੇ ਵਧੇਰੇਤਰ ਲੋਕ ਤੰਬਾਕੂ ਆਦਿ ਦੀ ਵਰਤੋਂ ਕਰਦੇ ਹਨ ਅਤੇ ਇਸ ਕਾਰਨ ਉਥੇ ਪ੍ਰਤੀ ਵਿਅਕਤੀ ਦੰਦਾਂ ਦੀ ਔਸਤਨ ਗਿਣਤੀ 25 ਜਾਂ 26 ਰਹਿੰਦੀ ਹੈ।ਜਿਸ ਦੇ ਚਲਦਿਆਂ 6636 ਦੰਦਾਂ ਦੇ ਹਿਸਾਬ ਨਾਲ ਪਿੰਜਰਾਂ ਦੀ ਕੁਲ ਸੰਖਿਆ 265 ਬਣਦੀ ਹੈ।ਉਹਨਾਂ ਕਿਹਾ ਕਿ ਇਸ ਦੇ ਇਲਾਵਾ ਇਹ ਸਵੀਕਾਰ ਕਰ ਲੈਣਾ ਵੀ ਬਹੁਤ ਵੱਡੀ ਭੁਲ ਹੈ ਕਿ ਖੁਦਾਈ ਦੇ ਦੌਰਾਨ ਸੈਨਿਕਾਂ ਦੇ ਸਾਰੇ ਦੇ ਸਾਰੇ ਦੰਦ ਸੁਰਖਿਅਤ ਮਿੱਟੀ ਵਿਚੋਂ ਬਾਹਰ ਕੱਢੇ ਜਾ ਸਕਦੇ ਸਨ, ਕਿਉਂਕਿ ਬਹੁਤ ਸਾਰੇ ਦੰਦ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਭੁਰ ਚੁੱਕੀਆਂ ਹੱਡੀਆਂ ਵਿਚ ਵੀ ਰਲ ਗਏ ਹੋਣਗੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply