Friday, July 5, 2024

ਅੰਮ੍ਰਿਤਸਰ ਵਿਖੇ ਦੋ-ਰੋਜ਼ਾ ਸਾਹਿਤ ਉਤਸਵ 8 ਅਤੇ 9 ਮਾਰਚ ਨੂੰ

ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ ਸੱਗੂ)- ਅਕਾਦਮਿਕ ਖੋਜ ਅਤੇ ਚਿੰਤਨ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵੱਲੋਂ ਪੰਜਾਬ ਦੇ ਖੋਜਾਰਥੀ ਅਤੇ ਨੌਜੁਆਨ ਵਰਗ ਅੰਦਰ ਜੀਵਨ ਦੇ ਉਦਾਤ ਸੁਹਜ ਦੀ ਪ੍ਰੇਰਨਾ ਪੈਦਾ ਕਰਨ ਹਿਤ ਤਲਾਸ਼ ਹਿੱਤ ਬਸੰਤ ਰੁੱਤ ਦੌਰਾਨ 8 ਅਤੇ 9 ਮਾਰਚ ਨੂੰ ਸਾਹਿਤ ਉਤਸਵ-2016 ਖ਼ਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਸੰਸਥਾ ਦੇ ਸਕੱਤਰ ਸਤਨਾਮ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਸਾਹਿਤ ਉਤਸਵ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪੰਜਾਬ ਨਾਲ ਨੇੜਤਾ ਮਹਿਸੂਸ ਕਰਦੇ ਖੋਜਾਰਥੀਆਂ ਅਤੇ ਵਿਦਵਾਨਾਂ ਵੱਲੋਂ ਬਿਨਾਂ ਕਿਸੇ ਸਰਕਾਰੀ ਮਦਦ ਦੇ ਰਾਜਨੀਤੀ ਤੋਂ ਬੇਲਾਗ ਰਹਿੰਦੇ ਹੋਏ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਸਾਹਿਤ ਅਤੇ ਚਿੰਤਨ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਆਪਣੀ ਸਿਰਜਣ ਪ੍ਰੀਕ੍ਰਿਆ ਅਤੇ ਸਾਹਿਤ-ਚਿੰਤਨ ਵਿਚ ਵਾਪਰ ਰਹੇ ਪਰਿਵਰਤਨਾਂਫ਼ਰੁਝਾਨਾਂਫ਼ਸੰਭਾਵਨਾਵਾਂ ਨੂੰ ਪੰਜਾਬ ਦੇ ਗੰਭੀਰ ਪਾਠਕਾਂ ਅਤੇ ਸਰੋਤਿਆਂ ਦੇ ਸਨਮੁਖ ਸਾਂਝਾ ਕਰਨਗੀਆਂ।
ਉਨ੍ਹਾਂ ਪ੍ਰੋਗਰਾਮ ਦਾ ਵਿਸਥਾਰ ਦਿੰਦਿਆਂ ਕਿਹਾ ਕਿ ਇਸ ਦੋ-ਰੋਜ਼ਾ ਉਤਸਵ ਦੇ ਪਹਿਲੇ ਦਿਨ ਸਾਹਿਤ-ਚਿੰਤਨ ਦੇ ਆਧਾਰ ਸੂਤਰਾਂ ਅਤੇ ਇਨ੍ਹਾਂ ਦੇ ਪੰਜਾਬੀ ਸਾਹਿਤ ਉਪਰ ਪਏ ਪ੍ਰਭਾਵਾਂ ਨੂੰ ਵਿਚਾਰਿਆ ਜਾਵੇਗਾ ਸਾਹਿਤ ਉਤਸਵ ਦਾ ਉਦਘਾਟਨ ਪ੍ਰਸਿੱਧ ਨਾਵਲਕਾਰ ਪਦਮਸ਼੍ਰੀ ਗੁਰਦਿਆਲ ਸਿੰਘ ਕਰਨਗੇ ਜਦੋਂਕਿ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ, ਡਾ. ਐੱਸ. ਪੀ. ਸਿੰਘ ਕਰਨਗੇ। ਇਸ ਤੋਂ ਇਲਾਵਾ ਮੁੱਖ ਭਾਸ਼ਣ ਆਲੋਚਕ ਅਤੇ ਕਵੀ ਡਾ. ਮਨਮੋਹਨ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਦੀਪਕ ਮਨਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹੁੰਚ ਰਹੇ ਹਨ।
ਇਸੇ ਦਿਨ ਦਾ ਦੂਜਾ ਸਮਾਗਮ ਚਿੰਤਨ ਅਤੇ ਪੰਜਾਬੀ ਸਾਹਿਤ-ਚਿੰਤਨ ਨਾਲ ਸਬੰਧਤ ਹੋਵੇਗਾ ਜਿਸ ਵਿਚ ‘ਬਾਖ਼ਤਿਨੀ ਬਹੁ-ਵੰਦਤਾ ਅਤੇ ਸਾਹਿਤ-ਚਿੰਤਨ’, ‘ਨਵ-ਮਾਰਕਸਵਾਦ ਅਤੇ ਸਾਹਿਤ-ਚਿੰਤਨ’, ‘ਉੱਤਰ-ਸੰਰਚਨਾਵਾਦੀ ਬ੍ਰਿਤਾਂਤ ਚਿੰਤਨ ਉਪਰੰਤ ਪੰਜਾਬੀ ਨਾਵਲ ਦੀ ਪੜ੍ਹਤ’ ਅਤੇ ‘ਆਲੋਚਨਾਤਮਕ ਸਿਧਾਂਤ ਅਤੇ ਸਾਹਿਤ-ਚਿੰਤਨ’ ਆਦਿ ਵਿਸ਼ਿਆਂ ਉਪਰ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਹਿਤ ਉਤਸਵ ਵਿਚ ਪੰਜਾਬ ਦੀਆਂ ਸਿਰਜਣਾਤਮਕ ਸ਼ਖਸੀਅਤਾਂ ਗੁਰਬਚਨ ਭੁੱਲਰ ਅਤੇ ਪਦਮਸ਼੍ਰੀ ਸੁਰਜੀਤ ਪਾਤਰ ਦੇ ਰੂਬਰੂ ਵੀ ਕਰਵਾਇਆ ਜਾ ਰਿਹਾ ਹੈ। ਦੂਜੇ ਦਿਨ ਬਸੰਤ ਰੁਤ ਨਾਲ ਜੁੜੀ ਕਵੀ ਦਰਬਾਰ ਪਰੰਪਰਾ ਦੇ ਅਨੁਸਾਰ ਇਕ ਵਿਸ਼ਾਲ ਸਮਾਗਮ ‘ਚੜ੍ਹਿਆ ਬਸੰਤ’ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਬਸੰਤ ਰਾਗ ਵਾਦਨਫ਼ਗਾਇਨ ਤੋਂ ਇਲਾਵਾ ਪੰਜਾਬੀ ਅਤੇ ਪੰਜਾਬੀ ਦੀਆਂ ਉਪ-ਬੋਲੀਆਂ (ਡੋਗਰੀਫ਼ਪਹਾੜੀਫ਼ਗੋਜਰੀ ਆਦਿ) ਦੇ ਪ੍ਰਮੁੱਖ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਇਸ ਸਾਲ ਦਾ ਨਾਦ ਪ੍ਰਗਾਸੁ ਸ਼ਬਦ-ਸਨਮਾਨ ਸਾਹਿਤ ਚਿੰਤਨ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਵਿਦਵਾਨ ਡਾ. ਗੁਰਚਰਨ ਸਿੰਘ ਅਰਸ਼ੀ ਨੂੰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਹਿਤ ਉਤਸਵ ਦੇ ਦੋਵੇਂ ਦਿਨਾਂ ਦੌਰਾਨ ਪੁਸਤਕਾਂ, ਸੰਗੀਤਕ ਸਾਜ਼ਾਂ, ਚਿੱਤਰਾਂ, ਲੱਕੜ ਦੀ ਕਾਰਾਗਰੀ ਆਦਿ ਨਾਲ ਸਬੰਧਤ ਵੱਖ-ਵੱਖ ਪ੍ਰਦਰਸ਼ਨੀਆਂ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਗੰਭੀਰ ਦਿਸ਼ਾ ਵੱਲ ਤੋਰਨ ਲਈ ਮਦਦਗਾਰ ਹੋ ਸਕਦੀਆਂ ਹਨ। ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਨਾਲ ਪੰਜਾਬ ਦੇ ਅਕਾਦਮਿਕ ਅਤੇ ਵਿਦਿਅਕ ਖੇਤਰ ਵਿਚ, ਬਹਾਰ ਦੀ ਰੁਤ ਦੌਰਾਨ ਫੁੱਟ ਰਹੀਆਂ ਨਵੀਂ ਕਰੂੰਬਲਾਂ ਵਾਂਗ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply