Monday, July 8, 2024

ਖਾਲਸਾ ਕਾਲਜ ਵਿੱਚ ਸਾਲਾਨਾ ਸਪੋਰਟਸ ਦਿਵਸ ਤੇ ਇਨਾਮ ਵੰਡ ਸਮਾਰੋਹ ਆਯੋਜਿਤ

PPN1003201616ਅੰਮ੍ਰਿਤਸਰ, 10 ਮਾਰਚ (ਸੁਖਬੀਰ ਖੁਰਮਣੀਆ)- ਇਤਿਹਾਸਕ ਖਾਲਸਾ ਕਾਲਜ ਵਿਖੇ ਇਕ ਰੋਜ਼ਾ ਸਾਲਾਨਾ ਸਪੋਰਟਸ ਦਿਵਸ ਤੇ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ:ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ‘ਗੁਡ ਪ੍ਰਸਨੈਲਟੀ’ ਦੀ ਦਿੱਖ ਉਭਾਰਣ ਲਈ ਹਰੇਕ ਵਿਦਿਆਰਥੀ ਨੂੰ ਵਿੱਦਿਅਕ ਖੇਤਰ ਨਾਲ-ਨਾਲ ਕੁਝ ਵੱਖਰਾ ਕਰਨ ਦੀ ਕਾਬਲੀਅਤ ਵੀ ਰੱਖਣੀ ਚਾਹੀਦੀ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਦੇ ਖੇਡ ਮੈਦਾਨ ਵਿੱਚ ਆਯੋਜਿਤ ‘ਸਪੋਰਟਸ ਡੇ’ ਮੌਕੇ ਸ: ਛੀਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਰਾਸਤੀ ਦਰਜੇ ਦਾ ਮਾਣ ਹਾਸਲ ਜ਼ਿਲ੍ਹੇ ਦੇ ਇਸ ਕਾਲਜ ਤੋਂ ਅਣਗਿਣਤ ਵਿਦਿਆਰਥੀ ਵਿੱਦਿਆ ਗ੍ਰਹਿਣ ਕਰਕੇ ਅੱਜ ਦੇਸ਼ ਦੇ ਕੋਨੇ-ਕੋਨੇ ‘ਤੇ ਵੱਖ-ਵੱਖ ਉੱਚ ਅਹੁੱਦਿਆਂ ਦੇ ਬਿਰਾਜਮਾਨ ਹਨ ਅਤੇ ਦੇਸ਼ ਅਤੇ ਕਾਲਜ ਦਾ ਨਾਂਅ ਰੌਸ਼ਨ ਕਰ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਮੇਂ ਦੇ ਹਾਣੀ ਬਣੋ ਅਤੇ ਜ਼ਿੰਦਗੀ ਵਿੱਚ ਹੁਨਰਮੰਦ ਮਨੁੱਖ ਹੀ ਇਤਿਹਾਸ ਸਿਰਜਦਾ ਹੈ। ਇਸ ਮੌਕੇ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਫੁੱਲਾਂ ਦਾ ਗੁਲਦਸਤੇ ਭੇਟ ਕਰਕੇ ਸ: ਛੀਨਾ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਐਥਲੈਟਿਕਸ ਨਾਲ ਸਬੰਧਿਤ ਵੱਖ-ਵੱਖ ਮੁਕਾਬਲਿਆਂ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, ਤਿੰਨ ਲੱਤ ਦੌੜ, ਲਾਂਗ ਜੰਪ, ਸਲੋਅ ਸਾਇਕਲ ਰੇਸ, ਮਾਰਬਲ ਰੇਸ, ਮਿਊਜੀਕਲ ਚੇਅਰ ਰੇਸ, ਰੱਸਾ ਕੱਸੀ , ਸੈਕ ਰੇਸ ਆਦਿ ਕਰਵਾਏ ਗਏ। ਇਸ ਮੌਕੇ ਸਟਾਫ ਦੀ 100 ਮੀਟਰ ਦੀ ਰੇਸ ਵੀ ਕਰਵਾਈ ਗਈ ਅਤੇ ਮਿਊਜੀਕਲ ਚੇਅਰ ਵੀ ਕਰਵਾਈ ਗਈ। ਮੁਕਾਬਲੇ ਵਿੱਚ 200 ਮੀਟਰ ਦੌੜ ਵਿੱਚ ਬਲਰਾਜ ਸਿੰਘ, ਜੁਗਰਾਜ ਸਿੰਘ ਅਤੇ ਧਰਮਬੀਰ ਸਿੰਘ, 200 ਮੀਟਰ ਲੜਕੀਆਂ ਵਿੱਚ ਸੁਨੀਤਾ ਰਾਣੀ, ਲਖਵਿੰਦਰ ਕੌਰ ਅਤੇ ਜੁਮਨਾ, 100 ਮੀਟਰ ਲੜਕੀਆਂ ਵਿੱਚ ਸੁਨੀਤਾ ਰਾਣੀ, ਨਿਰਮਲ ਕੌਰ ਅਤੇ ਅਨੁਰਾਧਾ ਠਾਕੁਰ, ਲੰਬੀ ਛਾਲ ਲੜਕੀਆਂ ਵਿੱਚ ਸੁਨੀਤਾ ਰਾਣੀ, ਜਮੁਨਾ ਅਤੇ ਅਰਸ਼ਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ ਪ੍ਰਿੰ: ਡਾ. ਮਹਿਲ ਸਿੰਘ ਨੇ ਇਨਾਮ ਵੀ ਤਕਸੀਮ ਕੀਤੇ। ਖੇਡ ਮੁਕਾਬਲੇ ਮੌਕੇ ਕਾਲਜ ਦੇ ਪ੍ਰੋਫੈਸਰਾਂ ਦੀ ਮਿਊਜੀਕਲ ਚੇਅਰ ਰੇਸ ਵੀ ਕਰਵਾਈ, ਜਿਸ ਦੌਰਾਨ ਕੁਰਸੀ ‘ਤੇ ਬਿਰਾਜਮਾਨ ਹੋਣ ਲਈ ਪ੍ਰੋਫ਼ੈਸਰਾਂ ਦੀ ਆਪਸ ਵਿੱਚ ਦਿਲਚਸਪ ਜਦੋਂ-ਜਹਿਦ ਚੱਲੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਪੂਰਨ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੰਦੇ ਸਮਾਗਮ ਨੂੰ ਆਯੋਜਿਤ ਕਰਨ ਵਾਸਤੇ ਸਪੋਰਟਸ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਰੇ ਪਾਸੇ ਨਸ਼ਿਆਂ ਦਾ ਪ੍ਰਕੋਪ ਫੈਲ ਰਿਹਾ ਹੈ, ਕੇਵਲ ਖੇਡਾਂ ਹੀ ਇਸ ਤੋਂ ਬਚਾਅ ਸਕਦੀਆਂ ਹਨ। ਇਸ ਲਈ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਦੀ ਪ੍ਰੋ: ਨਵਨੀਨ ਬਾਵਾ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਦੇਵ ਸਿੰਘ, ਡਾ. ਦਵਿੰਦਰ ਪਾਲ ਕੌਰ, ਡਾ. ਪਰਮਿੰਦਰ ਸਿੰਘ, ਪ੍ਰੋ: ਜੇ. ਐੱਸ. ਅਰੋੜਾ, ਡਾ. ਕੁਲਦੀਪ ਸਿੰਘ ਢਿੱਲੋਂ, ਪ੍ਰੋ: ਅਮਨਦੀਪ ਸਿੰਘ, ਡਾ. ਆਤਮ ਸਿੰਘ ਰੰਧਾਵਾ, ਡਾ. ਹੀਰਾ ਸਿੰਘ, ਪ੍ਰੋ: ਸੁਖਦੇਵ ਸਿੰਘ, ਡਾ. ਅਵਤਾਰ ਸਿੰਘ, ਪ੍ਰੋ: ਨਵਨੀਨ ਬਾਵਾ ਤੋਂ ਇਲਾਵਾ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply