Monday, July 1, 2024

ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਬਕ ਸਿਖਾਇਆ ਜਾਵੇਗਾ – ਮਜੀਠੀਆ

ਰਾਮਦਿਵਾਲੀ ਮੁਸਲਮਾਨਾਂ ਵਿੱਚ ਪਸ਼ਚਾਤਾਪ ਸਬੰਧੀ ਸਮਾਗਮ

Majithiaਰਾਮਦਿਵਾਲੀ, 3 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਬਕ ਸਿਖਾਇਆ ਜਾਵੇਗਾ, ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਭਵਿੱਖ ‘ਚ ਅਜਿਹੀ ਘਿਣਾਉਣੀ ਘਟਨਾ ਨੂੰ ਅੰਜਾਮ ਦੇਣ ਬਾਰੇ ਨਾ ਸੋਚ ਸਕੇ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ, ਜਿੱਥੇ ਕਿ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ਰਾਰਤੀ ਅਨਸਰਾਂ ਵੱਲੋਂ ਅਗਨ ਭੇਟ ਕਰ ਦਿੱਤੇ ਗਏ ਸਨ, ਵਿਖੇ ਹੋਈ ਬੇਅਦਬੀ ਪ੍ਰਤੀ ਪਸ਼ਚਾਤਾਪ ਵਜੋਂ ਸਮੁੱਚੇ ਹਲਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਾਜ਼ਰ ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਉਕਤ ਅੱਤ ਘਿਣਾਉਣੀ ਘਟਨਾ ਦੀ ਨਿਖੇਧੀ ਕੀਤੀ, ਤੇ ਕਿਹਾ ਕਿ ਅਜਿਹੇ ਲੋਕ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਦੇ ਹਨ, ਇਨਸਾਨ ਅਖਵਾਉਣ ਦੇ ਹੱਕਦਾਰ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਨੇ ਮੌਕੇ ‘ਤੇ ਹੀ ਕਥਿਤ ਦੋਸ਼ੀਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਅਤੇ ਉਕਤ ਨਾਜ਼ੁਕ ਮੌਕੇ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਬੈਠੇ ਲੋਕਾਂ ਨੂੰ ਕੋਈ ਮੌਕਾ ਨਾ ਦੇਕੇ ਏਕਤਾ ਦਾ ਜੋ ਸਬੂਤ ਦਿੱਤਾ ਅਤੇ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਕਾਇਮ ਰਖ ਕੇ ਪੰਜਾਬ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਜਿਸ ਦੀ ਉਹ ਸ਼ਲਾਘਾ ਕਰਦੇ ਹਨ। ਉਨ੍ਹਾਂ ਇਸ ਮੌਕੇ ‘ਤੇ ਪੁਲਿਸ ਵੱਲੋਂ ਨਿਭਾਈ ਗਈ ਜ਼ਿੰਮੇਵਾਰੀ ਵਾਲੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਜਿਨ੍ਹਾਂ ਦਿਨਾਂ ਵਿੱਚ ਹੋਈ, ਉਦੋਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ-ਏ-ਮੌਤ ਦਾ ਕਾਨੂੰਨ ਬਨਾਉਣ ਦਾ ਮੁੱਦਾ ਉਠਾਇਆ। ਸ. ਮਜੀਠੀਆ ਨੇ ਦੱਸਿਆ ਕਿ ਇਸ ਮੁੱਦੇ ‘ਤੇ ਸੱਤਾਧਾਰੀ ਧਿਰ ਦੇ ਨਾਲ-ਨਾਲ ਕੁੱਝ ਆਜ਼ਾਦ ਵਿਧਾਇਕਾਂ ਨੇ ਸਮਰਥਨ ਕੀਤਾ ਅਤੇ ਇਸ ਗੰਭੀਰ ਦੋਸ਼ ‘ਤੇ ਉਮਰ ਕੈਦ ਦੀ ਸਜ਼ਾ ਦੇਣ ਅਤੇ ਹੋਰਨਾਂ ਪਵਿੱਤਰ ਧਾਰਮਿਕ ਵਸਤਾਂ ਅਤੇ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ੧੦ ਸਾਲ ਦੀ ਕੈਦ ਦਾ ਬਿਲ ਪਾਸ ਹੋਇਆ।ਜੋ ਕਿ ਪਹਿਲਾਂ ਸਿਰਫ਼ ਦੋ ਸਾਲ ਤਕ ਦੀ ਕੈਦ ਦੀ ਵਿਵਸਥਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦੇ ਗੁਰੂ ਹੀ ਨਹੀਂ, ਬਲਕਿ ਸਾਰੀ ਮਾਨਵਤਾ ਦੇ ਰਾਹ ਦਸੇਰਾ ਹਨ ਅਤੇ ਇੰਨਾ ਦਾ ਅਪਮਾਨ ਕਰਨ ਵਾਲੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਸਬਕ ਸਿਖਾਉਣਾ ਜ਼ਰੂਰੀ ਹੈ। ਇਸੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੀਤੇ ਦਿਨੀਂ ਹੋਈ ਬੇਅਦਬੀ ਦੀ ਹਿਰਦੇਵੇਧਕ ਘਟਨਾ ਪਿੱਛੋਂ ਅੱਗ ਨਾਲ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੀ ਮੁਰੰਮਤ ਦੀ ਸੇਵਾ ਮੁਕੰਮਲ ਹੋਣ ਪਿੱਛੋਂ ਸੈਂਕੜੇ ਸਿੱਖ ਸੰਗਤਾਂ ਤੇ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਜ ਗੁਰਦੁਆਰਾ ਸਾਹਿਬ ਵਿੱਚ ਸਥਾਪਿਤ ਕੀਤੇ ਗਏ ਹਨ। ਸ. ਮਜੀਠੀਆ ਨੇ ਅੱਜ ਇਸ ਸਮਾਗਮ ਮੌਕੇ ਪਿੰਡ ਰਾਮਦਿਵਾਲੀ ਦੇ ਵਿਕਾਸ ਲਈ ੫੫ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸਰਪੰਚ ਕ੍ਰਿਪਾਲ ਸਿੰਘ ਅਤੇ ਪੰਚਾਇਤ ਹਵਾਲੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਗੁਰਭੇਜ ਸਿੰਘ ਖੁਜਾਲਾ, ਸ. ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਭਗਵਾਨ ਸਿੰਘ ਸਿਆਲਕਾ, ਪ੍ਰੋ: ਸਰਚਾਂਦ ਸਿੰਘ, ਚੇਅਰਮੈਨ ਬਲਬੀਰ ਸਿੰਘ ਚੰਦੀ, ਗੁਰਜਿੰਦਰ ਸਿੰਘ ਢਪਈਆਂ, ਤਰਸੇਮ ਸਿੰਘ ਸਿਆਲਕਾ, ਚੇਅਰਮੈਨ ਮੇਜਰ ਸਿੰਘ ਕਲੇਰ, ਸਰਵਣ ਸਿੰਘ ਰਾਮਦਿਵਾਲੀ, ਜਗਜੀਤ ਸਿੰਘ, ਐਕਸੀਅਨ ਗੁਰਦੀਪ ਸਿੰਘ, ਬਲਜੀਤ ਸਿੰਘ ਸਰਾਂ, ਡਾ. ਸੁਖਵਿੰਦਰ ਸਿੰਘ, ਨਾਨਕ ਸਿੰਘ ਮਜੀਠਾ, ਪਰਮਬੀਰ ਸਿੰਘ ਮੱਤੇਵਾਲ, ਬਲਵਿੰਦਰ ਸਿੰਘ ਬਲੋਵਾਲੀ, ਸਰਪੰਚ ਕ੍ਰਿਪਾਲ ਸਿੰਘ ਰਾਮਦੀਵਾਲੀ, ਜਥੇ:ਕਸ਼ਮੀਰ ਸਿੰਘ ਰਾਮਦੀਵਾਲੀ, ਬਲਵਿੰਦਰ ਸਿੰਘ ਪੋਪਲੀ, ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ, ਨਵਜੀਤ ਸਿੰਘ ਤੰਨੇਲ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply