Monday, July 1, 2024

ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਪੱਧਰ ‘ਤੇ ਖੇਡ ਸਟੇਡੀਅਮ ਬਣਾਏ ਜਾਣਗੇ – ਮਜੀਠੀਆ

Bikram Majithiaਮੱਜਵਿੰਡ (ਅੰਮ੍ਰਿਤਸਰ), 3 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਦੇ ਉਪਰਾਲੇ ਕਰ ਰਹੀ ਹੈ, ਜਿਸ ਲਈ ਖੇਡਾਂ ਦੇ ਮੁੱਢਲੇ ਢਾਂਚੇ ਉੱਪਰ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ। ਪਿੰਡ ਮੱਜਵਿੰਡ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ੨੦ਵੇਂ ਟੂਰਨਾਮੈਂਟ ਦੀ ਸਮਾਪਤੀ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ, ਸ. ਮਜੀਠੀਆ ਨੇ ਦੱਸਿਆ ਕਿ ਸਰਕਾਰ ਬਲਾਕ ਪੱਧਰ ‘ਤੇ ਖੇਡ ਸਟੇਡੀਅਮਾਂ ਦੀ ਉੱਸਾਰੀ ਕਰਕੇ ਰਾਜ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ, ਤਾਂ ਜੋ ਨੌਜਵਾਨ ਸ਼ਕਤੀ ਨੂੰ ਉੱਸਾਰੂ ਦਿਸ਼ਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ‘ਤੇ ਬਣਨ ਵਾਲੇ ਇੰਨਾ ੧੪੬ ਸਟੇਡੀਅਮਾਂ ‘ਤੇ ਪ੍ਰਤੀ ਸਟੇਡੀਅਮ ੧.੬੦ ਕਰੋੜ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜਕਾਲ ਦੌਰਾਨ ਕਰੀਬ ੨੦੦ ਕਰੋੜ ਰੁਪਏ ਦੀ ਲਾਗਤ ਨਾਲ ੬ ਹਾਕੀ ਐਸਟੋਰਟਰਫ, ੧੦ ਬਹੁਮੰਤਵੀ ਸਟੇਡੀਅਮ ਅਤੇ ਜਲੰਧਰ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਖੇਡ ਹੋਸਟਲ ਕਾਇਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਮੌਜੂਦ ਤਿੰਨ ਵਿਸ਼ਵ ਪੱਧਰੀ ਐਸਟੋਟਰਫ ਮੈਦਾਨਾਂ ਵਿੱਚ ੨ ਇਕੱਲੇ ਪੰਜਾਬ ਵਿੱਚ ਹਨ। ਸ. ਮਜੀਠੀਆ ਨੇ ਦੱਸਿਆ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਦਾਰਿਆਂ ਵਿੱਚ ਦਾਖਲੇ ਲਈ ਅਤੇ ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ ਖਿਡਾਰੀਆਂ ਨੂੰ ੩ ਫੀਸਦੀ ਵਿਸ਼ੇਸ਼ ਕੋਟਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਪਹਿਲੇ ਦਰਜੇ ਦੀ ਨੌਕਰੀਆਂ ਦੇ ਕੇ ਵੀ ਨਿਵਾਜਿਆ ਹੈ।
ਸ. ਮਜੀਠੀਆ ਨੇ ਮੱਜਵਿੰਡ ਦੇ ਸਟੇਡੀਅਮ ਲਈ ਕੋਚ ਦੀ ਨਿਯਕਤੀ, ਖੇਡ ਕਿੱਟਾਂ ਅਤੇ ਮਾਇਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸ. ਸੁਖਦੀਪ ਸਿੰਘ ਸਿੱਧੂ ਨੇ ਪੰਚਾਇਤਾਂ ਲਈ ਖੇਡ ਵਿਕਾਸ ਨੀਤੀ ਲਾਜ਼ਮੀ ਕਰਨ ਦੀ ਮੰਗ ਕੀਤੀ ਤਾਂ ਜੋ ਖੇਡ ਕਲੱਬਾਂ ਅਤੇ ਖਿਡਾਰੀਆਂ ਨੂੰ ਪੰਚਾਇਤਾਂ ਦੇ ਧੜੇਬੰਦਕ ਫੈਸਲਿਆਂ ਕਾਰਨ ਹੁੰਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਟੂਰਨਾਮੈਂਟ ਵਿੱਚ ਉਦੋਕੇ ਦੀ ਟੀਮ ਨੇ ਗੋਪਾਲਪੁਰਾ ਦੀ ਟੀਮ ਨੂੰ ਪੈਨਲਟੀ ਕਿੱਕਾਂ ਨਾਲ ਹਰਾ ਕੇ ਫੁੱਟਬਾਲ ਦੀ ਖ਼ਿਤਾਬੀ ਟੱਕਰ ਜਿੱਤ ਲਈ। ਇਸ ਮੌਕੇ ਬਜ਼ੁਰਗਾਂ, ਬੱਚਿਆਂ, ਲੜਕਿਆਂ ਅਤੇ ਲੜਕੀਆਂ ਦੇ ਦੌੜ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਭੇਜ ਸਿੰਘ ਸਿੱਧੂ, ਗੁਰ ਮੰਗਲ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਗਿੱਲ ਅਤੇ ਰਛਪਾਲ ਸਿੰਘ ਨੇ ਸ. ਮਜੀਠੀਆ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ ਸਿੱਧੂ, ਬਲਵਿੰਦਰ ਸਿੰਘ, ਮਾਸਟਰ ਜੋਗਾ ਸਿੰਘ, ਰਾਮਪਾਲ ਸ਼ਰਮਾ, ਪ੍ਰੇਮਪਾਲ ਸਿੰਘ, ਨਿਰੰਜਨ ਸਿੰਘ, ਚਰਨ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਸੁਖਚੈਨ ਸਿੱਧੂ, ਗੁਰਬਖ਼ਸ਼ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਮੈਂਬਰ ਅਤੇ ਸ਼ਮਸ਼ੇਰ ਸਿੰਘ ਗਿੱਲ ਵੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply