Friday, July 5, 2024

ਆਧੁਨਿਕ ਡਰਾਈਵਿੰਗ ਟੈਸਟ ਕੇਂਦਰ ਦਾ ਉਦਘਾਟਨ 21 ਨੂੰ ਕਰਨਗੇ ਮਜੀਠੀਆ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)-‘ਪੰਜਾਬ ਸਰਕਾਰ ਵੱਲੋਂ ਸੜਕ ਹਾਦਸੇ ਰੋਕਣ ਲਈ ਡਰਾਈਵਿੰਗ ਲਾਇਸੈਂਸ ਬਨਾਉਣ ਮੌਕੇ ਟੈਸਟ ਲੈਣ ਅਤੇ ਲੋੜ ਪੈਣ ‘ਤੇ ਸਬੰਧਤ ਵਿਅਕਤੀ ਨੂੰ ਡਰਾਈਵਿੰਗ ਦੀ ਸਿਖਲਾਈ ਦੇਣ ਦੇ ਸੂਬੇ ਭਰ ਵਿਚ ਪ੍ਰਬੰਧ ਕੀਤੇ ਜਾ ਚੁੱਕੇ ਹਨ। ਸਰਕਾਰ ਨੇ ਇਸ ਕੰਮ ਲਈ ਸੂਬੇ ਵਿਚ 32 ਆਧੁਨਿਕ ਟਰੈਕ ਤਿਆਰ ਕੀਤੇ ਹਨ, ਜਿੱਥੇ ਕਿ ਚਾਹਵਾਨ ਵਿਅਕਤੀ ਦਾ ਡਰਾਈਵਿੰਗ ਟੈਸਟ ਲਿਆ ਜਾਵੇਗਾ ਅਤੇ ਉਸ ਵਿਚੋਂ ਪਾਸ ਹੋਣ ‘ਤੇ ਹੀ ਉਸ ਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ। ਇੰਨਾਂ ਕੇਂਦਰਾਂ ਦੀ ਸ਼ੁਰੂਆਤ 21 ਅਪ੍ਰੈਲ ਨੂੰ ਪੰਜਾਬ ਭਰ ਵਿਚ ਕੀਤੀ ਜਾ ਰਹੀ ਹੈ।’ ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਗੋਲ ਬਾਗ ਨੇੜੇ ਡਰਾਈਵਿੰਗ ਟੈਸਟ ਕੇਂਦਰ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ 21 ਅਪ੍ਰੈਲ ਨੂੰ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਇਸ ਕੇਂਦਰ ਦਾ ਉਦਘਾਟਨ ਕਰਨਗੇ।
ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਸ੍ਰੀਮਤੀ ਲਵਜੀਤ ਕੌਰ ਕਲਸੀ ਨੇ ਇਸ ਸਬੰਧੀ ਵਿਸਥਾਰ ਦਿੰਦੇ ਦੱਸਿਆ ਕਿ ਉਕਤ ਕੇਂਦਰ ‘ਤੇ ਕਰੀਬ ਸਵਾ ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਥੇ ਕਾਰ, ਮੋਟਰ ਸਾਈਕਲ, ਸਕੂਟਰ ਅਤੇ ਹੋਰ ਵਾਹਨਾਂ ਦੀ ਡਰਾਈਵਿੰਗ ਪਰਖ ਕਰਨ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਚਾਹਵਾਨ ਵਿਅਕਤੀ ਨੂੰ ਲਾਇਸੈਂਸ ਲੈਣ ਲਈ ਇਹ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਉਨਾਂ ਦੱਸਿਆ ਕਿ ਟੈਸਟ ਲੈਣ ਵਾਲਾ ਸਟਾਫ, ਮੈਡੀਕਲ ਫਿਟਨੈਸ ਚੈਕ ਕਰਨ ਵਾਲਾ ਡਾਕਟਰ ਅਤੇ ਲਾਇਸੈਂਸ ਜਾਰੀ ਕਰਨ ਵਾਲਾ ਸਟਾਫ ਵੀ ਉਕਤ ਕੇਂਦਰ ਵਿਚ ਹੀ ਬੈਠਿਆ ਕਰੇਗਾ ਅਤੇ ਇਥੋਂ ਹੀ ਲਾਇਸੈਂਸ ਜਾਰੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਕ ਹੀ ਛੱਤ ਹੇਠ ਸਾਰੇ ਪ੍ਰਬੰਧ ਹੋਣ ਨਾਲ ਲਾਇਸੈਂਸ ਲੈਣ ਵਾਸਤੇ ਕਿਸੇ ਨੂੰ ਖੱਜ਼ਲ ਨਹੀਂ ਹੋਣਾ ਪਵੇਗਾ ਅਤੇ ਕੰਮ ਵਿਚ ਵੀ ਪਾਰਦਰਸ਼ਤਾ ਆਵੇਗੀ। ਉਨਾਂ ਦੱਸਿਆ ਕਿ ਜਿਸ ਵਿਅਕਤੀ ਦੀ ਡਰਾਈਵਿੰਗ ਵਿਚ ਮੁਹਾਰਤ ਨਾ ਹੋਈ, ਤਾਂ ਉਸ ਨੂੰ ਡਰਾਈਵਿੰਗ ਸਿਖਾਉਣ ਦੇ ਪ੍ਰਬੰਧ ਵੀ ਕੀਤੇ ਜਾਣਗੇ ਅਤੇ ਸੜਕ ‘ਤੇ ਗੱਡੀ ਚਲਾਉਣ ਦੇ ਮੁੱਢਲੇ ਗੁਰ ਸਬੰਧਤ ਵਿਅਕਤੀ ਨੂੰ ਦੱਸੇ ਜਾਣਗੇ। ਉਨਾਂ ਆਸ ਪ੍ਰਗਟਾਈ ਕਿ ਇਸ ਕੇਂਦਰ ਦੇ ਹੋਂਦ ਵਿਚ ਆਉਣ ਨਾਲ ਸੜਕਾਂ ‘ਤੇ ਹੁੰਦੇ ਹਾਦਸਿਆਂ ਵਿਚ ਵੀ ਕਮੀ ਆਵੇਗੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply