Monday, July 1, 2024

ਕਿਸਾਨ ਸਿਹਤ ਬੀਮਾ ਯੋਜਨਾ ਤਹਿਤ 53335 ਕਿਸਾਨਾਂ ਨੂੰ ਮਿਲੇਗਾ ਲਾਭ- ਡਾ. ਗਰਗ

PPN2604201615ਬਠਿੰਡਾ, 26 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ। ਇਸ ਯੋਜਨਾ ਤਹਿਤ ਜ਼ਿਲ੍ਹੇ ਦੇ 53335 ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 50000 ਰੁ ਸਲਾਨਾ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਸੂਬੇ ਦੇ 403 ਸਰਕਾਰੀ ਅਤੇ ਪ੍ਰਾਈਵੇਟ ਮੰਨਜ਼ੂਰਸੁਦਾ ਹਸਪਤਾਲਾਂ ‘ਚ ਦਿੱਤੀ ਜਾ ਰਹੀ ਹੈ। ਇਹ ਲਾਭ ਲੈਣ ਲਈ ਜ਼ਿਲ੍ਹੇ ਦੀਆਂ 10 ਮਾਰਕਿਟ ਕਮੇਟੀਆਂ ਹੇਠ ਆੳਂਦੇ 53335 ਕਿਸਾਨਾਂ ਵੱਲੋਂ ਆਪਣਾ ਨਾਮ ਦਰਜ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਜੇ-ਫਾਰਮ ਅਤੇ ਆਧਾਰ ਕਾਰਡ ਸਮੇਤ ਸਬੰਧਤ ਮਾਰਕੀਟ ਕਮੇਟੀ ਵਿੱਚ ਆੜ੍ਹਤੀਏ ਸਮੇਤ ਆਪਣਾ ਨਾਮ ਦਰਜ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਰਿਵਾਰ ਦੇ ਮੁਖੀ ਦੀ ਦੁਰਘਟਨਾ ਵਿਚ ਮੌਤ ਹੋ ਜਾਣ ਦੀ ਸੂਰਤ ਵਿਚ 5 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਕੀਮ ਤਹਿਤ ਕਿਸਾਨ ਅਤੇ ਉਸਤੇ ਨਿਰਭਰ ਪਰਿਵਾਰ ਦੇ ਮੈਂਬਰਾਂ ਦੇ ਬਿਮਾਰ ਹੋਣ ਦੀ ਸੂਰਤ ਵਿਚ ਸਲਾਨਾ 50 ਹਜ਼ਾਰ ਰੁਪਏ ਤੱਕ ਦਾ ਇਲਾਜ ਕੀਤਾ ਜਾਵੇਗਾ। ਸਬੰਧਤ ਕਿਸਾਨ ਪਰਿਵਾਰ ਇਸ ਸਕੀਮ ਤਹਿਤ ਉਸ ਨੂੰ ਮਿਲਣ ਵਾਲੇ ਸਮਾਰਟ ਕਾਰਡ ਰਾਹੀਂ ਸਰਕਾਰ ਵੱਲੋਂ ਨਿਰਧਾਰਤ ਕੀਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਸਾਲਾਨਾ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕੇਗਾ।
ਉਨ੍ਹਾਂ ਕਿਹਾ ਕਿ ਕਿਸਾਨ ਆੜ੍ਹਤੀਏ ਕੋਲ ਜਦੋਂ ਆਪਣੀ ਜਿਣਸ ਵੇਚਦੇ ਹਨ ਤਾਂ ਉਹ ਆਪਣਾ ਜੇ ਫਾਰਮ ਜਰੂਰ ਲੈਣ। ਉਨ੍ਹਾਂ ਦੱਸਿਆ ਕਿ ਬੀਮਾ ਕੰਪਨੀ ਨੂੰ ਬੀਮੇ ਦੇ ਪਰੀਮੀਅਮ ਦੀ ਅਦਾਇਗੀ ਪੰਜਾਬ ਮੰਡੀ ਬੋਰਡ ਜਾਂ ਮਾਰਕੀਟ ਕਮੇਟੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ ਲਈ ਆਪਣਾ ਨਾਮ ਰਜ਼ਿਸਟਰਡ ਕਰਵਾਉਣ ਦੀ ਅਪੀਲ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਭਰ ਚੋਂ ਬਠਿੰਡਾ ਮਾਰਕਿਟ ਕਮੇਟੀ ਦੇ 4697, ਭੁੱਚੋ ਮਾਰਕਿਟ ਕਮੇਟੀ ਦੇ 4973, ਨਥਾਨਾ ਮਾਰਕਿਟ ਕਮੇਟੀ ਦੇ 2953, ਗੋਨਿਆਨਾ ਮਾਰਕਿਟ ਕਮੇਟੀ ਦੇ 5787, ਸੰਗਤ ਮਾਰਕਿਟ ਕਮੇਟੀ ਦੇ 3283, ਰਾਮਪੁਰਾ ਫੂਲ ਮਾਰਕਿਟ ਕਮੇਟੀ ਦੇ 9377, ਭਗਤਾ ਮਾਰਕਿਟ ਕਮੇਟੀ ਦੇ 4871, ਮੌੜ ਮਾਰਕਿਟ ਕਮੇਟੀ ਦੇ 7743, ਰਾਮਾਂ ਮਾਰਕਿਟ ਕਮੇਟੀ ਦੇ 4932 ਅਤੇ ਤਲਵੰਡੀ ਮਾਰਕਿਟ ਕਮੇਟੀ ਦੇ 4719 ਕਿਸਾਨ ਸ਼ਮਿਲ ਹਨ। ਇਸ ਸਕੀਮ ਸਬੰਧੀ ਕਿਸਾਨ ਹੋਰ ਵਧੇਰੇ ਜਾਣਕਾਰੀ ਲੈਣ ਲਈ ਆਪਣੀ-ਆਪਣੀ ਸਬੰਧਤ ਮਾਰਕੀਟ ਕਮੇਟੀ ਦੇ ਦਫ਼ਤਰ ਜਾਂ ਪੰਜਾਬ ਮੰਡੀ ਬੋਰਡ ਵਿਖੇ ਕੰਟਰੋਲ ਰੂਮ ਤੇ ਟੈਲੀਫੋਨ ਨੰਬਰ 0172-5101695, 2210125-29 ਤੇ ਦਫ਼ਤਰੀ ਕੰਮਕਾਜ ਵਾਲੇ ਦਿਨ ਸਵੇਰੇ 9 ਤੋਂ 5 ਵਜ਼ੇ ਤੱਕ ਸੰਪਰਕ ਕਰ ਸਕਦੇ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply