Monday, July 1, 2024

ਕਿਸਾਨਾਂ ਨੂੰ ਮਿਲਣਗੇ ਮਿੱਟੀ ਦੀ ਸਿਹਤ-ਸੰਭਾਲ ਕਾਰਡ – ਹਰਸਿਮਰਤ ਕੌਰ ਬਾਦਲ

PPN2604201614ਬਠਿੰਡਾ, 26 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ, ਲੋੜੀਂਦੀਆਂ ਖਾਦਾਂ ਅਤੇ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਲਈ ਜਰੂਰੀ ਜਾਣਕਾਰੀਆਂ ਦੇਣ ਲਈ ਮਿੱਟੀ ਦੀ ਸਿਹਤ-ਸੰਭਾਲ ਕਾਰਡ ਸਾਲ ਦੇ ਅੰਤ ਤੱਕ ਜਾਰੀ ਕੀਤੇ ਜਾਣਗੇ ਤਾਂ ਜੋ ਕਿਸਾਨ ਸਿਹਤਮੰਦ ਫ਼ਸਲਾਂ ਦੀ ਵਧੇਰੇ ਝਾੜ ਸਮੇਤ ਖੇਤੀ ਕਰ ਸਕਣ। ਕਾਲਝਰਾਣੀ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨਾਂ ਦੀ ਜਾਗਰੂਕਤਾ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਕਰਵਾਏ ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ‘ਸੋਆਇਲ ਹੈਲਥ ਕਾਰਡ'(ਮਿੱਟੀ ਦੀ ਸਿਹਤ-ਸੰਭਾਲ ਕਾਰਡ) ਇਸ ਸਾਲ ਦੇ ਅੰਤ ਤੱਕ ਮੁਹੱਈਆ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਹਰ ਕਿਸਾਨ ਆਪਣੇ ਖੇਤਾਂ ਦੀ ਮਿੱਟੀ ਦੀ ਸਿਹਤ, ਲੋੜੀਂਦੀ ਖੁਰਾਕ ਅਤੇ ਪਰਹੇਜ਼ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰ ਸਕੇਗਾ ਜਿਸ ਨਾਲ ਵਧੇ ਹੋਏ ਝਾੜ ਨਾਲ ਸਿਹਤਮੰਦ ਫ਼ਸਲਾਂ ਦੀ ਪੈਦਵਾਰ ਨੂੰ ਯਕੀਨੀ ਬਣਾਇਆ ਜਾਵੇ।
ਵੱਖ-ਵੱਖ ਪਿੰਡਾਂ ਤੋਂ ਆਏ ਭਾਰੀ ਗਿਣਤੀ ਵਿੱਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਇਕ ਵਰਦਾਨ ਦਸਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਅਜਿਹੀ ਨਿਵੇਕਲੀ ਸਕੀਮ ਕਿਸਾਨਾਂ ਲਈ ਲਿਆਂਦੀ ਗਈ ਹੈ ਜਿਸ ਸਦਕਾ ਉਹ ਆਪਣੀਆਂ ਫ਼ਸਲਾਂ ਦਾ ਢੁਕਵਾਂ ਬੀਮਾ ਕਰਵਾ ਸਕਣਗੇ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨਂਵਰਸਿਟੀ ਦੇ ਬਠਿੰਡਾ ਖੋਜ ਕੇਂਦਰ ਵਿੱਚ ਕਿਸਾਨਾਂ ਲਈ ਫੂਡ ਪ੍ਰੋਸੈਸਿੰਗ ਦੀ ਟਰੇਨਿੰਗ ਦੀ ਗੱਲ ਕਰਦਿਆਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਖੇਤੀ ਉਤਪਾਦਾਂ ‘ਤੇ ਅਧਾਰਤ ਵੱਖ-ਵੱਖ ਵਪਾਰ ਸਥਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਤੋਂ ਕਿਸਾਨਾਂ ਨੂੰ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਤੋਂ ਬਾਅਦ ਹੂਣ ਲੁਧਿਆਣਾ ਅਤੇ ਕਪੂਰਥਲਾ ਵਿੱਚ ਆਉਂਦੇ ਮਹੀਨਿਆਂ ਦੌਰਾਨ ਮੈਗਾ ਫੂਡ ਪਾਰਕ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਕੋਲਡ ਚੇਨ ਸਕੀਮ ਨੂੰ ਆਪਨਾਉਣ ਦਾ ਸੱਦਾ ਵੀ ਦਿੱਤਾ। ਸ੍ਰੀਮਤੀ ਬਾਦਲ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਉਟ ਆਫ ਫੂਡ ਟੈਕਨਾਲੋਜੀ ਐਂਟਰਪ੍ਰਿਨਿਉਰਸ਼ਿਪ ਐਂਡ ਮੇੇਨੈਜ਼ਮੈਂਟ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਵਿੱਚ 10-10 ਪਿੰਡਾਂ ਦੇ ਕਿਸਾਨਾਂ ਦੇ ਸਮੁੁੂਹਾਂ ਨੂੰ ਖੇਤੀਬਾੜੀ ਨਾਲ ਸਬੰਧਤ ਮੌਜੂਦਾ ਅਤੇ ਅਗਾਂਹਵਧੂ ਟਰੇਨਿੰਗ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜੋ ਕਿ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗਾ। ਕਿਸਾਨ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ ਸਕੀਮਾਂ ਅਤੇ ਸਹੂਲਤਾਂ ਤੋਂ ਪੂਰਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪੀ. ਏ.ਯੂ ਐਕਸਟੈਂਸ਼ਨ ਐਜੁਕੇਸ਼ਨ ਦੇ ਡਾਇਰੈਕਟਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਕਾਮਯਾਬ ਕਾਸ਼ਤ ‘ਤੇ ਕਿਸਾਨ ਮੇਲਾ ਕਰਾਉਣ ਲਈ ਕੇ.ਵੀ.ਕੇ. ਬਠਿੰਡਾ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਡਾ. ਰਾਜਵੀਰ ਸਿੰਘ ਬਰਾੜ ਅਤੇ ਡਾ. ਜੀ. ਐਸ. [ਰੋਮਾਣਾ ਨੇ ਕਿਸਾਨਾਂ ਨੂੰ ਫ਼ਸਲ ਬੀਮਾ ਯੋਜਨਾ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵਿਸਥਾਰਕ ਜਾਣਕਾਰੀ ਦਿੱਤੀ। ਡਾ. ਜਤਿੰਦਰ ਸਿੰਘ ਬਰਾੜ ਨੇ ਨਰਮੇ ਅਤੇ ਝੋਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਦਕਿ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਡੇਅਰੀ, ਪੋਲਟਰੀ, ਪਿਗਰੀ ਅਤੇ ਬੱਕਰੀ ਪਾਲਣ ਦੇ ਧੰਦੇ ਨਾਲ ਸਬੰਧਤ ਸਬਸਿਡੀਆਂ ਤੋਂ ਜਾਣੂ ਕਰਵਾਇਆ। ਡਾ. ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੌਰਾਨ ਚਿੱਟੀ ਮੱਖੀ ਨੂੰ ਕਾਬੂ ਕਰਨ ਦੇ ਗੁਰ ਦਸਦਿਆਂ ਸਿਰਫ਼ ਤੇ ਸਿਰਫ਼ ਮਨਜੂਰਸ਼ੁਦਾ ਕੀੜੇਮਾਰ ਦਵਾਈਆਂ ਦੀ ਵਰਤੋਂ ਦੀ ਲੋੜ ਤੇ ਜੋਰ ਦਿੱਤਾ। ਐਸੋਸੀਏਟ ਡਾਇਰੈਕਟਰ ਕੇ.ਵੀ.ਕੇ. ਬਠਿੰਡਾ ਡਾ. ਜਗਦੀਸ਼ ਗਰੋਵਰ ਨੇ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਹਦਾਇਤਾਂ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ੇਨਾ ਅਗਰਵਾਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਨਛੱਤਰ ਸਿੰਘ ਔਲਖ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply