Monday, July 1, 2024

’84 ਸਿੱਖ ਕਤਲੇਆਮ ਵਿੱਚ ਟਾਈਟਲਰ ਦੀ ਭੂਮਿਕਾ ਤੇ ਕਸੇ ਕਾਨੂੰਨੀ ਸ਼ਿਕੰਜੇ ਦੀ ਦਿੱਲੀ ਕਮੇਟੀ ਨੇ ਜਥੇਦਾਰ ਨੂੰ ਦਿੱਤੀ ਜਾਣਕਾਰੀ

PPN0605201605

ਨਵੀਂ ਦਿੱਲੀ, 6 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੱਕ ਵੱਫ਼ਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵੱਲੋਂ ਜਥੇਦਾਰ ਨੂੰ ਮਿਲਣ ਦੀ ਕੀਤੀ ਗਈ ਪੇਸ਼ਕਸ਼ ਦੇ ਸਾਹਮਣੇ ਆਏ ਖੁਲਾਸੇ ਨੂੰ ਲੈ ਕੇ ਮੁਲਾਕਾਤ ਕੀਤੀ। ਦਿੱਲੀ ਫੇਰੀ ਦੌਰਾਨ ਮਾਤਾ ਗੁਜ਼ਰੀ ਨਿਵਾਸ ਵਿਖੇ ਠਹਿਰੇ ਜਥੇਦਾਰ ਨੂੰ ਜੀ.ਕੇ. ਵੱਲੋਂ ਇਸ ਮੌਕੇ ਤੇ ਇੱਕ ਮੰਗ ਪੱਤਰ ਸੌਂਪ ਕੇ 1984 ਸਿੱਖ ਕਤਲੇਆਮ ਵਿਚ ਟਾਈਟਲਰ ਦੀ ਭੂਮਿਕਾ ਅਤੇ ਉਸ ਤੇ ਕਸੇ ਗਏ ਕਾਨੂੰਨੀ ਸਿਕੰਜੇ ਦੀ ਵੀ ਜਾਣਕਾਰੀ ਦਿੱਤੀ।
ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਮੀਡੀਆ ਰਿਪੋਰਟਾ ਦੇ ਅਨੁਸਾਰ ਟਾਈਟਲਰ ਵੱਲੋਂ ਪੱਤਰ ਭੇਜ ਕੇ ਜਥੇਦਾਰ ਨਾਲ ਮੁਲਾਕਾਤ ਕਰਕੇ ਸਿੱਖ ਕਤਲੇਆਮ ਦੇ ਮਸਲੇ ਤੇ ਸਫਾਈ ਦੇਣ ਦੀ ਪੇਸ਼ਕਸ਼ ਸਾਹਮਣੇ ਆਈ ਹੈ। ਜਿਸ ਕਾਰਨ ਇਹ ਸਵਾਲ ਖੜਾ ਹੋ ਗਿਆ ਹੈ ਕਿ ਬੁਰੀ ਤਰ੍ਹਾਂ ਕਾਨੂੰਨੀ ਸ਼ਿਕੰਜੇ ਵਿਚ ਘਿਰੇ ਟਾਈਟਲਰ ਦੀ ਖੁਦ ਨੂੰ ਅਤੇ ਆਪਣੇ ਆਕਾਵਾਂ ਨੂੰ ਬਚਾਉਣ ਦੀ ਇਹ ਕੋਈ ਸਾਜਿਸ਼ ਜਾਂ ਫਿਰ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲੇ ਆਪਣੀ ਕਾਂਗਰਸ ਪਾਰਟੀ ਦੇ ਲਈ ਸਿੱਖਾਂ ਦੇ ਵੋਟ ਇੱਕਤz ਕਰਨ ਦਾ ਕੋਈ ਨਵਾਂ ਹੱਥਕੰਡਾ ਤਾਂ ਨਹੀਂ ਹੈ। ਜੀ.ਕੇ. ਨੇ ਟਾਈਟਲਰ ਦੀ ਪੇਸ਼ਕਸ਼ ਤੇ ਕਮੇਟੀ ਦੇ ਕਾਨੂੰਨੀ ਵਿਭਾਗ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਿੱਖਾਂ ਦੇ ਕਾਤਿਲਾਂ ਦੇ ਖਿਲਾਫ਼ ਮੁਸਤੈਦੀ ਨਾਲ ਲੜੀ ਗਈ ਲੜਾਈ ਦੀ ਇਹ ਅੰਗੜਾਈ ਹੈ ਕਿਉਂਕਿ ਅਦਾਲਤ ਵਿਚ ਪਿੱਛਲੀ ਤਾਰੀਖ਼ ਤੇ ਜੱਜ ਦਾ ਰੁੱਖ ਟਾਈਟਲਰ ਅਤੇ ਉਸਦੇ ਸਾਥੀ ਹਥਿਆਰ ਵਪਾਰੀ ਅਭਿਸ਼ੇਕ ਵਰਮਾ ਦੇ ਖਿਲਾਫ਼ ਮਨੀ ਲਾਡ੍ਰਿੰਗ ਦੇ ਜਰੀਏ ਗਵਾਹ ਨੂੰ ਪ੍ਰਭਾਵਿਤ ਕਰਨ ਤੇ ਸਖ਼ਤ ਸੀ। ਜੀ.ਕੇ. ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੁਝ ਦਿਨ ਪਹਿਲਾ ਟਾਈਟਲਰ ਨੂੰ ਬੇਦੋਸ਼ਾ ਦੱਸਣ ਦੇ ਬਾਅਦ ਟਾਈਟਲਰ ਦੀ ਮਾਫ਼ੀ ਮੰਗਣ ਦੀ ਸਾਹਮਣੇ ਆਈ ਪੇਸ਼ਕਸ਼ ਕਈ ਸਵਾਲ ਖੜੇ ਕਰਦੀ ਹੈ। ਜੇਕਰ ਟਾਈਟਲਰ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਉਸਨੇ ਸਿੱਖਾਂ ਦੇ ਨਾਲ ਗਲਤ ਕੀਤਾ ਹੈ ਤਾਂ ਅਮਰਿੰਦਰ ਕਿਸ ਆਧਾਰ ਤੇ ਅੱਜ ਤਕ ਟਾਈਟਲਰ ਨੂੰ ਨਿਰਦੋਸ਼ ਦੱਸ ਰਹੇ ਸਨ। ਇਸ ਲਈ ਅਮਰਿੰਦਰ ਦੀ ਸ਼ੱਕੀ ਭੂਮਿਕਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਮਰਿੰਦਰ ਤੋਂ ਵੀ ਜਵਾਬ ਤਲਬੀ ਕਰਨੀ ਚਾਹੀਦੀ ਹੈ।
ਜੀ.ਕੇ. ਨੇ ਕਿਹਾ ਕਿ ਟਾਈਟਲਰ ਦੇ ਇਸ਼ਾਰੇ ਤੇ ਦਿੱਲੀ ਵਿਚ ਨਾ ਕੇਵਲ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਅਗਨਿ ਭੇਂਟ ਕਰਕੇ ਸਿੱਖ ਧਰਮ ਦੇ ਸਿਧਾਂਤ ਅਤੇ ਸਾਮਾਜਿਕ ਰਵਾਇਤਾਂ ਤੇ ਵੀ ਸੱਟ ਮਾਰੀ ਗਈ ਸੀ। ਨਿਰਦੋਸ਼ ਸਿੱਖਾਂ ਦੇ ਕਾਤਿਲ ਟਾਈਟਲਰ ਨੂੰ ਤਖਤ ਸਾਹਿਬ ਤੇ ਮੁਲਾਕਾਤ ਦੀ ਮਨਜੂਰੀ ਮਿਲਣ ‘ਤੇ ਜੀ.ਕੇ. ਨੇ ਦੁਨੀਆ ਭਰ ਦੇ ਸਿੱਖਾਂ ਦਾ ਵੱਡਾ ਪ੍ਰਤੀਕਰਮ ਸਾਹਮਣੇ ਆਉਣ ਦੇ ਨਾਲ ਹੀ ਤਖਤ ਸਾਹਿਬ ਦੇ ਮਾਨ ਨੂੰ ਢਾਹ ਲਗਣ ਦਾ ਵੀ ਖਦਸਾ ਜਤਾਇਆ ਹੈ। ਟਾਈਟਲਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਉਣ ਦਾ ਫੈਸਲਾ ਸਾਰੀਆਂ ਪੰਥਕ ਜਥੇਬਦੀਆਂ ਤੋਂ ਰਾਇ ਲੈ ਕੇ ਕਰਨ ਦੀ ਵੀ ਜੀ.ਕੇ. ਨੇ ਜਥੇਦਾਰ ਨੂੰ ਅਪੀਲ ਕੀਤੀ ਹੈ। ਮੁਲਾਕਾਤ ਹੋਣ ਦੀ ਹਾਲਾਤ ਵਿਚ ਟਾਈਟਲਰ ਤੋਂ ਇਸ ਕਤਲੇਆਮ ਦੇ ਮਾਸਟਰ ਮਾਂਇੰਡ ਕਾਂਗਰਸ ਆਗੂਆਂ ਦੇ ਨਾਂ ਉਗਲਵਾਉਣ ਦੀ ਵੀ ਜੀ.ਕੇ. ਨੇ ਜੱਥੇਦਾਰ ਨੂੰ ਸਲਾਹ ਦਿੱਤੀ ਹੈ। ਸੀਨੀਅਰ ਵਕੀਲ ਐਚ.ਐਸ.ਫੁੱਲਕਾ ਵੱਲੋਂ ਟਾਈਟਲਰ ਨੂੰ ਸਿਰੋਪਾ ਦੇਣ ਵਾਲੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਵੱਲੋਂ ਟਾਈਟਲਰ ਦੀ ਮੁਲਾਕਾਤ ਜਥੇਦਾਰ ਨਾਲ ਆਯੋਜਿਤ ਕਰਵਾਉਣ ਦੀ ਕੋਸ਼ਿਸ਼ਾਂ ਨੂੰ ਲੈ ਕੇ ਕੀਤੇ ਗਏ ਖੁਲਾਸੇ ਬਾਰੇ ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਉਹ ਸਾਰੇ ਸ਼ੱਕ ਦੇ ਦਾਇਰੇ ਵਿਚ ਹਨ ਜੋ ਸਿੱਖਾਂ ਦੇ ਕਾਤਿਲਾਂ ਨੂੰ ਸਿਰੋਪਾਉ ਪਾਉਂਦੇ ਰਹੇ ਹਨ।  ਜਥੇਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤਕ ਟਾਈਟਲਰ ਦੀ ਕੋਈ ਚਿੱਠੀ ਨਹੀਂ ਮਿਲੀ ਹੈ ਪਰ ਜੇਕਰ ਚਿੱਠੀ ਆਉਂਦੀ ਹੈ ਤਾਂ ਉਸ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਜਾਵੇਗਾ। ਕਿਉਂਕਿ ਇੱਕ ਪਾਸੇ ਤਾਂ ਟਾਈਟਲਰ ਤੇੇ ਕਤਲੇਆਮ ਦੇ ਗੰਭੀਰ ਦੋਸ਼ ਹਨ ਤੇ ਦੂਜੇ ਪਾਸੇ ਮਾਮਲਾ ਅਦਾਲਤਾਂ ਵਿਚ ਚਲ ਰਹੇ ਹਨ। ਜਥੇਦਾਰ ਨੇ ਸਭ ਨੂੰ ਮਿਲਣ ਉਪਰੰਤ ਇਸ ਮਸਲੇ ਤੇ ਵਿਚਾਰ ਕਰਨ ਦਾ ਇਸ਼ਾਰਾ ਕੀਤਾ। ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ, ਹਰਵਿੰਦਰ ਸਿੰਘ ਕੇ.ਪੀ., ਹਰਜਿੰਦਰ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਢੋਕ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਬੁਲਾਰਾ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply