Monday, July 1, 2024

ਡਿਪਟੀ ਕਮਿਸ਼ਨਰ ਨੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਮੌਕੇ ‘ਤੇ ਲਿਆ ਜਾਇਜ਼ਾ

PPN0605201606ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਅੰਮ੍ਰਿਤਸਰ ਵਿਚ ਚੱਲ ਰਹੇ ਵਿਕਾਸ ਦੇ ਵੱਡੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਖ਼ੁਦ ਪ੍ਰਾਜੈਕਟਾਂ ‘ਤੇ ਪਹੁੰਚੇ। ਉਨ੍ਹਾਂ ਨੇ ਵੱਖ-ਵੱਖ ਕੰਮਾਂ ਨੂੰ ਵੇਖਦਿਆਂ ਜਿੱਥੇ ਕੰਮ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ, ਉਥੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਸ਼ਿਸ਼ ਕਰਨ ਕਿ ਉਸਾਰੀ ਕੰਮਾਂ ਨਾਲ ਆਉਣ-ਵਾਲੇ ਯਾਤਰੀਆਂ ਅਤੇ ਹੋਰ ਲੋਕਾਂ ਨੂੰ ਘੱਟ ਤੋਂ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਅੱਜ ਡਿਪਟੀ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਪਲਾਜ਼ਾ, ਹਾਲ ਗੇਟ ਤੋਂ ਦਰਬਾਰ ਸਾਹਿਬ ਤੱਕ ਚੱਲ ਰਹੇ ਸੁੰਦਰੀਕਰਨ ਦੇ ਕੰਮ, ਫੁਆਰਾ ਚੌਕ ਵਿਖੇ ਹੋ ਰਹੇ ਕੰਮ ਅਤੇ ਬੀ. ਆਰ. ਟੀ. ਐਸ ਪ੍ਰਾਜੈਕਟ ਦੀ ਪ੍ਰਗਤੀ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ। ਉਨਾਂ ਕੰਮ ਕਰਵਾ ਰਹੀਅ ਏਜੰਸੀਆਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੇ ਸਾਰੇ ਕੰਮਾਂ ਵਿਚ ਨਿੱਜੀ ਦਿਲਚਸਪੀ ਲੈ ਰਹੇ ਹਨ। ਉਨਾਂ ਦੱਸਿਆ ਕਿ ਕੰਮ ਵਿਚ ਕਿਸੇ ਵੀ ਤਰਾਂ ਦੀ ਦੇਰੀ ਜਾਂ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਕੰਮ ਸਮਾਂ ਸੀਮਾ ਦੇ ਅੰਦਰ ਨੇਪਰੇ ਚਾੜੇ ਜਾਣ। ਸ੍ਰੀ ਗੋਲਡਨ ਟੈਂਪਲ ਪਲਾਜ਼ੇ ਦੇ ਬਾਹਰ ਨਵੀਆਂ ਅਲਾਟ ਕੀਤੀਆਂ ਦੁਕਾਨਾਂ ਦੇ ਬਾਹਰ ਲਟਕਦੇ ਵੰਨ-ਸੁਵੰਨੇ ਸਾਮਾਨ ਨੂੰ ਵੇਖਦੇ ਹੋਏ ਉਨਾਂ ਨੇ ਹਦਾਇਤ ਕੀਤੀ ਕਿ ਦੁਕਾਨਾਂ ਦੇ ਬਾਹਰ ਸਾਮਾਨ ਲਗਾਉਣ ਦੀ ਆਗਿਆ ਕਿਸੇ ਨੂੰ ਨਾ ਦਿੱਤੀ ਜਾਵੇ, ਕਿਉਂਕਿ ਇਸ ਤਰਾਂ ਕਰਨ ਨਾਲ ਸ੍ਰੀ ਦਰਬਾਰ ਸਾਹਿਬ ਦੀ ਬਾਹਰੀ ਦਿੱਖ ਪ੍ਰਭਾਵਿਤ ਹੁੰਦੀ ਹੈ। ਇਸ ਮੌਕੇ ਉਨ੍ਹਾਂ ਵੱਖ-ਵੱਖ ਚੌਕਾਂ ‘ਤੇ ਖੜ੍ਹੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਜਾਮ ਨਾ ਲੱਗੇ।
ਇਸ ਤੋਂ ਪਹਿਲਾਂ ਸ੍ਰੀ ਰੂਜਮ ਨੇ ਸਾਰੇ ਪ੍ਰਾਜੈਕਟਾਂ, ਜਿਸ ਵਿਚ ਰਾਮਤੀਰਥ ਮੰਦਰ, ਵਾਰ ਮੈਮੋਰੀਅਲ ਵੀ ਸ਼ਾਮਿਲ ਹਨ, ਦੇ ਕੰਮ ਬਾਰੇ ਅਧਿਕਾਰੀਆਂ ਨਾਲ ਲੰਮੀ ਮੀਟਿੰਗ ਕੀਤੀ। ਉਨਾਂ ਨੇੇ ਦੱਸਿਆ ਕਿ ਮੁੱਖ ਮੰਤਰੀ ਸ. ਬਾਦਲ ਹਰ ਮਹੀਨੇ ਅੰਮ੍ਰਿਤਸਰ ਦੇ ਵਿਕਾਸ ਬਾਰੇ ਖ਼ੁਦ ਮੀਟਿੰਗ ਚੰਡੀਗੜ੍ਹ ਵਿਖੇ ਲੈ ਰਹੇ ਹਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਜਦ ਵੀ ਅੰਮ੍ਰਿਤਸਰ ਆਉਂਦੇ ਹਨ ਤਾਂ ਪ੍ਰਾਜੈਕਟਾਂ ਬਾਰੇ ਮੀਟਿੰਗ ਕਰਦੇ ਹਨ। ਉਨਾਂ ਸਾਰੇ ਪ੍ਰਾਜੈਕਟਾਂ ਨੂੰ ਅਗਸਤ ਮਹੀਨੇ ਤੱਕ ਨੇਪਰੇ ਚਾੜਨ ਬਾਰੇ ਹਦਾਇਤ ਅਧਿਕਾਰੀਆਂ ਨੂੰ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਆਂਗਰਾ, ਸੀ. ਈ. ਓ ਪੁੱਡਾ ਸ੍ਰੀ ਸੰਦੀਪ ਰਿਸ਼ੀ, ਐਕਸੀਅਨ ਲੋਕ ਨਿਰਮਾਣ ਵਿਭਾਗ ਸ. ਜਸਬੀਰ ਸਿੰਘ ਸੋਢੀ, ਐਸ. ਡੀ. ਐਮ ਰੋਹਿਤ ਗੁਪਤਾ, ਐਸ. ਡੀ. ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply