Monday, July 1, 2024

ਸੇਵਾ ਕੇਂਦਰ ਅਗਸਤ ਮਹੀਨੇ ਤੱਕ ਚਾਲੂ ਕਰ ਦਿੱਤੇ ਜਾਣਗੇ – ਮਜੀਠੀਆ

PPN0605201608ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਹੁਤੀਆਂ ਸਰਕਾਰੀ ਸੇਵਾਵਾਂ ਕੰਪਿਊਟਰ ਦੇ ਇਕ ਕਲਿਕ, ਇਕ ਫੋਨ ਕਾਲ ਜਾਂ ਉਨਾਂ ਦੇ ਘਰ ਸਾਹਮਣੇ ਦੇਣ ਦੇ ਉਪਰਾਲੇ ਕਰ ਰਹੀ ਹੈ, ਜਿਸ ਤਹਿਤ ਮਾਲ ਵਿਭਾਗ ਨੇ ਲੋਕਾਂ ਨੂੰ ਉਨਾਂ ਦੇ ਕੰਮ ਬਾਰੇ ਜਾਣਕਾਰੀ ਦੇਣ ਲਈ ਹੈਫਪ ਲਾਈਨ ਕਾਇਮ ਕੀਤੀ ਹੈ ਅਤੇ ਜ਼ਮੀਨ ਦਾ ਸਾਰਾ ਰਿਕਾਰਡ ਕੰਪਿਊਟਰ ਦੇ ਇਕ ਕਲਿਕ ‘ਤੇ ਪੁੱਜਦਾ ਕੀਤਾ ਹੈ।’ ਉਕਤ ਸਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚ ਸ਼ੁਰੂ ਕੀਤੇ ਜਾਣ ਵਾਲੇ ਸੇਵਾ ਕੇਂਦਰਾਂ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕੀਤਾ। ਉਨਾਂ ਦੱਸਿਆ ਕਿ ਪੰਜਾਬ ਵਿਚ ਹਰ ਪੰਜ-ਛੇ ਪਿੰਡਾਂ ਦੇ ਸਰਕਲ ਨੂੰ ਧਿਆਨ ਵਿਚ ਰੱਖ ਕੇ 2174 ਸੇਵਾ ਕੇਂਦਰ ਬਣਾ ਦਿੱਤੇ ਗਏ ਹਨ ਅਤੇ ਇਨ੍ਹਾਂ ਦੀ ਇਮਾਰਤ ਦਾ ਕੰਮ ਪੂਰਾ ਹੋ ਚੁੱਕਾ ਹੈ। ਹੁਣ ਇਨ੍ਹਾਂ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਕੰਮ ਚੱਲ ਰਿਹਾ ਹੈ, ਜੋ ਕਿ ਇਕ ਹੀ ਛੱਤ ਹੇਠ ਸਾਰੇ ਨਾਗਰਿਕਾਂ ਨੂੰ ਮਿਲਣਗੀਆਂ। ਉਨਾਂ ਦੱਸਿਆ ਕਿ ਇਸ ਸਾਲ ਅਗਸਤ ਮਹੀਨੇ ਇਹ ਸੇਵਾ ਕੇਂਦਰ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੇ ਚਾਲੂ ਹੋਣ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸੁਵਿਧਾ ਕੇਂਦਰ ਜਾਂ ਜ਼ਿਲ੍ਹਾ ਪੱਧਰ ਦੇ ਦਫਤਰਾਂ ਵਿਚ ਨਹੀਂ ਆਉਣਾ ਪਵੇਗਾ, ਬਲਕਿ ਉਹ ਕੰਮ ਉਕਤ ਸੇਵਾ ਕੇਂਦਰਾਂ ਵਿਚੋਂ ਹੀ ਆਨ-ਲਾਇਨ ਕਰਵਾ ਸਕਣਗੇ।
ਉਨਾਂ ਦੱਸਿਆ ਕਿ ਮਾਰਚ 2010 ਵਿਚ ਲੋਕਾਂ ਨੂੰ ਸਹੂਲਤ ਦੇਣ ਦੇ ਮੱਦੇ ਨਜ਼ਰ ਕਈ ਸੇਵਾਵਾਂ ਨੂੰ ਹਲਫੀਆ ਬਿਆਨ ਤੋਂ ਮੁਕਤ ਕਰਕੇ ਕੇਵਲ ਸਵੈ ਘੋਸ਼ਣਾ ਪੱਤਰ ਤੱਕ ਸੀਮਤ ਕਰ ਦੇਣ ਨਾਲ ਲੋਕਾਂ ਦੀ ਜੇਬ ਵਿਚੋਂ ਖਰਚ ਹੋਣ ਵਾਲੇ ਕਰੀਬ 1800 ਕਰੋੜ ਰੁਪਏ ਦੀ ਬੱਚਤ ਹੋਈ। ਉਨਾਂ ਦੱਸਿਆ ਕਿ ਇਸ ਵੇਲੇ ਵੱਖ-ਵੱਖ ਵਿਭਾਗਾਂ ਦੀਆਂ 88 ਸੇਵਾਵਾਂ ਹਲਫੀਆ ਬਿਆਨ ਤੋਂ ਮੁਕਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਲੋਕਾਂ ਦੇ ਧਨ, ਸਮੇਂ ਅਤੇ ਊਰਜਾ ਦੀ ਬਰਬਾਦੀ ਹੋਣੋਂ ਘਟੀ ਹੈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸ. ਮਜੀਠੀਆ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ 163 ਫਰਦ ਕੇਂਦਰ ਕੰਮ ਕਰ ਰਹੇ ਹਨ ਅਤੇ ਕਰੀਬ ਇਕ ਕਰੋੜ 10 ਲੱਖ ਲੋਕ ਇੰਨਾਂ ਕੇਂਦਰਾਂ ਤੋਂ ਲਾਭ ਲੈ ਚੁੱਕੇ ਹਨ। ਉਨਾਂ ਕਿਹਾ ਕਿ ਜ਼ਮੀਨ ਦੀ ਫਰਦ ਲੈਣ ਲਈ ਜਿੱਥੇ ਜ਼ਮੀਨ ਮਾਲਕਾਂ ਨੂੰ ਪਹਿਲਾਂ ਪਟਵਾਰੀਆਂ ਪਿੱਛੇ ਖੱਜ਼ਲ ਹੋਣਾ ਪੈਂਦਾ ਸੀ, ਉਹ ਹੁਣ ਕੰਪਿਊਟਰ ਦਾ ਇਕ ਬਟਨ ਦੱਬਣ ‘ਤੇ ਹਾਸਲ ਹੋ ਰਹੀ ਹੈ। ਸ. ਮਜੀਠੀਆ ਨੇ ਦੱਸਿਆ ਕਿ ਇਸੇ ਤਰਾਂ 114 ਸੁਵਿਧਾ ਕੇਂਦਰਾਂ ਤੋਂ 92 ਲੱਖ ਦੇ ਕਰੀਬ ਲੋਕਾਂ ਅਤੇ 254 ਸਾਂਝ ਕੇਂਦਰਾਂ ਤੋਂ 56 ਲੱਖ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ। ਸ. ਮਜੀਠੀਆ ਨੇ ਦੱਸਿਆ ਕਿ ਹਾਲ ਹੀ ਵਿਚ 60 ਕਰੋੜ ਰੁਪਏ ਦੀ ਲਾਗਤ ਨਾਲ ਈ-ਡਿਸਟਿਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ 42 ਸੇਵਾਵਾਂ ਲਈ ਕਰੀਬ ਸਵਾ ਛੇ ਲੱਖ ਅਰਜ਼ੀਆਂ ਦਾ ਆਨ-ਲਾਈਨ ਨਿਪਟਾਰਾ ਕੀਤਾ ਗਿਆ ਹੈ। ਸ. ਮਜੀਠੀਆ ਨੇ ਦੱਸਿਆ ਕਿ ਦੇਸ਼ ਭਰ ਵਿਚੋਂ ਪੰਜਾਬ ਕਈ ਸੇਵਾਵਾਂ ਬਿਹਤਰ ਤਰੀਕੇ ਨਾਲ ਦੇਣ ਵਿਚ ਮੋਹਰੀ ਚੱਲ ਰਿਹਾ ਹੈ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਇਸ ਲਈ ਸਨਮਾਨ ਵੀ ਮਿਲ ਰਹੇ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply