Monday, July 1, 2024

ਅਰਬਨ ਹਾਟ ਵਿਖੇ ‘ਅੰਮ੍ਰਿਤਸਰ ਹੈਰੀਟੇਜ ਮੇਲਾ’ ਧੂਮ-ਧੜੱਕੇ ਨਾਲ ਸ਼ੁਰੂ

ਦਸਤਕਾਰੀ, ਫਰਨੀਚਰ, ਕੱਪੜੇ ਅਤੇ ਹੋਰ ਰੋਜ਼ਮਰ੍ਹਾ ਦੇ ਸਾਮਾਨ ਦੇ ਲੱਗੇ 150 ਸਟਾਲ

PPN0605201607 PPN0605201608ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਦੇ ਸੈਰ-ਸਪਾਟੇ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ 15 ਦਿਨ ਚੱਲਣ ਵਾਲਾ ‘ਅੰਮ੍ਰਿਤਸਰ ਹੈਰੀਟੇਜ ਮੇਲਾ’ ਅੱਜ ਅਰਬਨ ਹਾਟ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ। ਮੇਲੇ ਦੀ ਸ਼ੁਰੂਆਤ ਮੌਕੇ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰਦਿਆਂ ਅੰਮ੍ਰਿਤਸਰ ਵਾਸੀਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੇਲੇ ਦੌਰਾਨ ਪੇਂਡੂ ਦਸਤਕਾਰੀ, ਕੱਪੜੇ, ਕਲਾਕ੍ਰਿਤਾਂ, ਫਰਨੀਚਰ, ਰੋਜ਼ਮਰ੍ਹਾ ਦੇ ਸਾਮਾਨ ਅਤੇ ਸੁਆਦੀ ਖਾਣਿਆਂ ਦੇ 150 ਤੋਂ ਵੱਧ ਸਟਾਲ ਲਗਾਏ ਗਏ ਹਨ। ਅਰਬਨ ਹਾਟ ਨੂੰ ਦੁਲਹਨ ਦੀ ਤਰ੍ਹਾ ਸਜਾਇਆ ਗਿਆ ਹੈ ਅਤੇ ਉਥੇ ਸਾਫ਼-ਸਫ਼ਾਈ, ਸਜਾਵਟ, ਟੈਂਟ, ਸੁਰੱਖਿਆ, ਕੰਟਰੋਲ ਰੂਮ, ਪੀਣ ਵਾਲੇ ਪਾਣੀ, ਪਖਾਨਿਆਂ, ਪਾਰਕਿੰਗ, ਲਾਈਟਨਿੰਗ, ਡਾਕਟਰੀ ਸਹਾਇਤਾ, ਬਿਜਲੀ ਸਪਲਾਈ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਦੀ ਟ੍ਰਾਂਸਪੋਰਟੇਸ਼ਨ ਅਤੇ ਰਿਹਾਇਸ਼ ਦੇ ਵੀ ਵਧੀਆ ਇੰਤਜ਼ਾਮ ਕੀਤੇ ਗਏ ਹਨ।
ਰਾਸ਼ਟਰੀ ਪੱਧਰ ਦੇ ਇਸ ਮੇਲੇ ਵਿਚ 20 ਰਾਜਾਂ ਦੇ ਕਲਾਕਾਰ ਅਤੇ ਦਸਤਕਾਰ ਜਿਥੇ ਆਪਣੇ ਹੁਨਰ ਅਤੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ ਉਥੇ ਇਨ੍ਹਾਂ ਸੂਬਿਆਂ ਦੇ ਪਕਵਾਨ ਤਿਆਰ ਕਰਨ ਦੇ ਮਾਹਿਰ ਆਪਣੇ-ਆਪਣੇ ਰਾਜਾਂ ਦੇ ਲਜ਼ੀਜ਼ ਪਕਵਾਨ ਲੈ ਕੇ ਹਾਜ਼ਰ ਹੋਏ ਹਨ। ੁਮੇਲੇ ਦੌਰਾਨ ਸਭਿਆਚਾਰਕ ਪ੍ਰੋਗਰਾਮ ਰੋਜ਼ਾਨਾ ਸ਼ਾਮ ਨੂੰ ਹੋਵੇਗਾ ਅਤੇ ਮੇਲਾ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਚੱਲਿਆ ਕਰੇਗਾ। ਮੇਲੇ ਪ੍ਰਤੀ ਅੰਮ੍ਰਿਤਸਰ ਵਾਸੀਆਂ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਅੱਜ ਸ਼ਾਮ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵੀ ਮੇਲੇ ਵਿਚ ਪਹੁੰਚੇ। ਇਸ ਦੌਰਾਨ ਉਨ੍ਹਾਂ ਜਿਥੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੇਖੀਆਂ ਉਥੇ ਸਟਾਲਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦਾ ਇਹ ਇਕ ਅਹਿਮ ਉਪਰਾਲਾ ਹੈ, ਜਿਥੇ ਨਾ ਕੇਵਲ ਲੋਕ ਖ਼ਰੀਦਦਾਰੀ ਕਰ ਸਕਣਗੇ, ਉਥੇ ਵੱਖ-ਵੱਖ ਰਾਜਾਂ ਦੇ ਭਾਂਤ-ਭਾਂਤ ਦੇ ਲਜ਼ੀਜ਼ ਖਾਣਿਆਂ ਦਾ ਵੀ ਆਨੰਦ ਮਾਣ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਵੀ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਨੇੜਿਓਂ ਹੋ ਕੇ ਵੇਖਣ ਦਾ ਮੌਕਾ ਮਿਲੇਗਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply