Friday, July 5, 2024

ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਪੰਜਾਬ ਸਰਕਾਰ ਦੇ ਵਤੀਰੇ ਦੀ ਸਖਤ ਨਿਖੇਧੀ

PPN0806201605

ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਿਸਾਨ/ਮਜ਼ਦੂਰਾਂ ਨੂੰ ਕਰਜੇ ਤੋਂ ਮੁਕਤੀ ਦਿਵਾਉਣ, ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰਾ ਦਿਵਾਉਣ, ਅਵਾਰਾ ਪਸ਼ੂਆਂ ਦਾ ਹੱਲ ਕਰਾਉਣ ਅਤੇ ਢਾਈ ਏਕੜ ਤੱਕ ਖੇਤੀ ਕੁਨੈਕਸ਼ਨ ਸਰਕਾਰੀ ਖਰਚੇ ਤੇ ਤੁਰੰਤ ਦੇਣ ਅਤੇ ਕਿਸਾਨਾਂ/ਮਜ਼ਦੂਰਾਂ ਦੀਆਂ ਹੋਰ ਭਖਵੀਆਂ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਸੂਬਾ ਪੱਧਰੇ ਮੋਰਚੇ ਦੌਰਾਨ ਅੱਜ 16ਵੇਂ ਦਿਨ ਕਿਸਾਨਾ/ਮਜ਼ਦੂਰਾਂ ਅਤੇ ਔਰਤਾਂ ਨੇ ਪਹੁੰਚ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੀੜਤਾ ਨੇ ਆਪਣੇ ਦੁੱਖ ਪਤਰਕਾਰਾ ਨੂੰ ਦੱਸੇ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੌਗਿੰਦਰ ਸਿੰਘ ਉਗਰਾਹਾ ਅਤੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਦੀਆ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨ ਅਤੇ ਪੰਜਾਬ ਸਰਕਾਰ ਦੁਆਰਾ ਘੇਸਲ ਮਾਰਨ ਦੇ ਕਿਸਾਨ ਵਿਰੋਧੀ ਵਤੀਰੇ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਸਰਕਾਰ ਦਾ ਕਿਸਾਨ ਵਿਰੋਧੀ ਅਸਲ ਚਿਹਰਾ ਸਾਹਮਣੇ ਆ ਰਿਹਾ ਹੈ ।ਅਸਲ ਵਿਚ ਸਰਕਾਰ ਸਾਮਰਾਜੀ ਨੀਤੀਆ ਤੇ ਚੱਲਦਿਆ ਕਾਰਪੋਰੇਟ ਘਰਾਣਿਆ ਨੂੰ ਕਿਸਾਨਾ ਦੀਆ ਜਮੀਨਾਂ ਖੋਹ ਕੇ ਦੇਣ ਦੇ ਰਾਹ ਤੇ ਤੁਰੀ ਹੋਈ ਹੈ । ਸਰਕਾਰ ਦੇ ਇਸ ਫੈਸਲੇ ਨੂੰ ਕਿਸੇ ਵੀ ਹਾਲਤ ਵਿੱਚ ਲਾਗਗਸੂ ਨਹੀ ਹੋਣ ਦਿੱਤਾ ਜਾਵੇਗਾ। ਕਿਸਾਨ ਬੁਲਾਰਿਆਂ ਨੇ ਐਲਾਨ ਕੀਤਾ ਕਿ ਅਣਮਿੱਥੇ ਸਮੇਂ ਲਈ ਚੱਲ ਰਹੇ ਇਸ ਮੋਰਚੇ ਵਿੱਚ ਆਏ ਦਿਨ ਮੋਰਚੇ ਹੋਰ ਵਿਸ਼ਾਲ ਅਤੇ ਤੇਜ ਕਰਦੇ ਹੋਏ ਲਾਮਬੰਦੀ ਰਾਹੀਂ ਸਰਕਾਰ ਤੇ ਭਾਰੀ ਜਨਤਕ ਦਬਾਅ ਰਾਹੀਂ ਮੰਗਾਂ ਮੰਨਣ ਲਈ ਮਜ਼ਬੂਰ ਕੀਤਾ ਜਾਵੇਗਾ। ਮੋਰਚੇ ਵਿੱਚ ਦਿਨੋਂ ਦਿਨ ਵੱਧ ਰਿਹਾ ਇਕੱਠ ਅਤੇ ਇਕੱਠ ਦੇ ਜੋਸ਼ੀਲੇ ਨਾਅਰੇ ਇਸ ਐਲਾਨ ਦੀ ਪੁਸ਼ਟੀ ਕਰ ਰਹੇ ਸਨ। ਔਰਤ ਜਥੇਬੰਦੀ ਦੇ ਆਗੂ ਹਰਵਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਸਿਰ ਵੱਧ ਰਹੇ ਕਰਜੇ ਦੀ ਸਭ ਤੋਂ ਵੱਧ ਮਾਰ ਔਰਤਾਂ ਨੂੰ ਝਲਣੀ ਪੈਂਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਚੁੱਲ੍ਹੇ ਅਤੇ ਘਰ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਦੇ ਪਾਏ ਹੋਏ ਗਹਿਣੇ ਵਿਕਦੇ ਹਨ ਅਤੇ ਉਨ੍ਹਾਂ ਦੇ ਆਰਥਿਕ ਤੌਰ ਤੇ ਉਨ੍ਹਾਂ ਦੀਆਂ ਲੋੜਾਂ ਤੇ ਹੀ ਸਭ ਤੋਂ ਵੱਧ ਕੱਟ ਲਗਦਾ ਹੈ। ਉਨ੍ਹਾਂ ਲਗਾਤਾਰ ਆ ਰਹੀਆਂ ਔਰਤਾਂ ਨੂੰ ਹੋਰ ਵੱਧ ਤੋਂ ਵੱਧ ਮੋਰਚੇ ਵਿੱਚ ਆਉਣ ਦੀ ਅਪੀਲ ਕੀਤੀ।
ਵੱਖ ਵੱਖ ਬੁਲਾਰਿਆਂ ਨੇ ਵਿਸਥਾਰ ਕਰਦਿਆਂ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ ਕਿਸਾਨਾਂ/ਮਜ਼ਦੂਰਾਂ ਦੀਆਂ ਕਰਜਾ ਮੋੜਨ ਤੋਂ ਅਸਮਰੱਥ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਰਕਾਰੀ/ਸਹਿਕਾਰੀ ਅਤੇ ਸੂਦਖੋਰ ਸਾਰੇ ਕਰਜਿਆਂ ਤੇ ਲਕੀਰ ਮਾਰਨ ਅਤੇ ਲੰਮੀ ਮਿਆਦ ਵਾਲੇ ਵਿਆਜ਼ ਰਹਿਤ ਕਰਜੇ ਦੇਣ ਵਾਸਤੇ ਕਰਜਾ ਨੀਤੀ ਤਬਦੀਲ ਕਰਨ, ਸੂਦਖੋਰੀ ਸਬੰਧੀ ਸਰਕਾਰੀ ਕਾਨੂੰਨ ਨੂੰ ਰੱਦ ਕਰਕੇ ਕਿਸਾਨਾਂ-ਮਜ਼ਦੂਰਾਂ ਪੱਖੀ ਕਰਜਾ ਕਾਨੂੰਨ ਬਨਾਉਣ, ਕਰਜਾ ਵਸੂਲੀ ਲਈ ਜ਼ਮੀਨਾਂ, ਘਰਾਂ ਅਤੇ ਸੰਦਾਂ ਦੀ ਨਿਲਾਮੀ ਬੰਦ ਕਰਨ ਅਤੇ ਪ੍ਰਨੋਟਾਂ/ਚੈਕਾਂ/ਇਕਰਾਰਨਾਮਿਆਂ ਤੇ ਦਸਤਖਤ ਅਤੇ ਅਗੂੰਠੇ ਗੈਰ ਕਾਨੂੰਨੀ ਕਰਾਰ ਦੇਣ, ਕਰਜਿਆਂ ਅਤੇ ਆਰਥਿਕ ਤੰਗੀਆਂ ਤੋਂ ਦੁਖੀ ਖੁਦਕਸ਼ੀ ਪੀੜਤ ਪਰਿਵਾਰਾਂ ਲਈ ਰਾਹਤ ਰਾਸ਼ੀ 5-5 ਲੱਖ ਰੁਪਏ ਕਰਨ, ਉਨ੍ਹਾਂ ਦਾ ਸਾਰਾ ਕਰਜਾ ਖਤਮ ਕਰਨ ਅਤੇ ਇੱਕ ਇੱਕ ਸਰਕਾਰੀ ਨੌਕਰੀ ਦੇਣ, ਖੁਦਕਸ਼ੀਆਂ ਰੋਕਣ ਲਈ ਕਿਸਾਨ-ਮਜ਼ਦੂਰ ਪੱਖੀ ਵਿਆਪਕ ਖੇਤੀ ਨੀਤੀ ਬਨਾਉਣ, ਸੰਨ 2010 ਤੋਂ ਬਾਅਦ ਦਾ ਖੁਦਕਸ਼ੀ ਸਰਵੇਖਣ ਹਰ ਪਿੰਡ ‘ਚ ਜਨਤਕ ਇਕੱਠ ਰਾਹੀਂ ਤੁਰੰਤ ਮੁਕੰਮਲ ਕਰਨ ਅਤੇ ਪਹਿਲੇ ਸਰਵੇਖਣ ਚੋਂ ਬਾਹਰ ਰਹਿ ਗਏ ਖੁਦਕਸ਼ੀ ਪੀੜਤ ਪਰਿਵਾਰ 1990 ਤੋਂ ਲੈ ਕੇ ਸ਼ਾਮਲ ਕਰਨ, ਖੇਤੀ ਲਈ ਬਿਜਲੀ ਰੋਜਾਨਾਂ 24 ਘੰਟੇ ਨਿਰਵਿਘਨ ਅਤੇ ਪੂਰੀ ਵੋਲਟੇਜ਼ ਦੇਣ, ਢਾਈ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਨੂੰ ਪਹਿਲ ਵਾਲੇ ਕੁਨੈਕਸ਼ਨ ਅਤੇ ਸਾਰੇ ਬਕਾਇਆ ਜਨਰਲ ਖੇਤੀ ਕੁਨੈਕਸ਼ਨ ਵੀ ਸਰਕਾਰੀ ਖਰਚੇ ਤੇ ਤੁਰੰਤ ਦਿੱਤੇ ਜਾਣ, ਖਾਲੀ ਪਈਆਂ ਅਸਾਮੀਆਂ ਭਰ ਕੇ ਸਾਰੇ ਸਿੱਖਿਅਤ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਯੋਗਤਾ ਅਨੁਸਾਰ ਦੇਣ ਅਤੇ ਬਾਕੀਆਂ ਨੂੰ ਗੁਜ਼ਾਰੇ ਯੋਗ ਬੇਰੁਜ਼ਗਾਰੀ ਭੱਤਾ ਦੇਣ, ਫਸਲਾਂ ਦੀ ਤਬਾਹੀ ਅਤੇ ਮਨੁੱਖੀ ਜਾਨਾ ਦਾ ਖੌਅ ਬਣੇ ਹੋਏ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਮੁਕੰਮਲ ਸੰਭਾਲ ਦੇ ਪ੍ਰਬੰਧ ਕਰਨ, ਨਰਮਾ ਤਬਾਹੀ ਦਾ ਬਕਾਇਆ ਮੁਆਵਜ਼ਾ ਰਹਿੰਦੇ ਕਿਸਾਨਾਂ ਮਜ਼ਦੂਰਾਂ ਨੂੰ ਤੁਰੰਤ ਦੇਣ ਅਤੇ ਇਸ ਤਬਾਹੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ, ਅਬਾਦਕਾਰ ਕਿਸਾਨਾਂ-ਮਜ਼ਦੂਰਾਂ ਅਤੇ ਸਾਂਝੀਆਂ ਜ਼ਮੀਨਾਂ ਤੇ ਬਸੇ ਬੇਘਰਿਆਂ ਨੂੰ ਜ਼ਮੀਨ ਮਾਲਕੀ ਹੱਕ ਤੁਰੰਤ ਦੇਣ, ਅੰਦੋਲਨਾਂ ਦੌਰਾਨ ਸ਼ਹੀਦ ਜਾਂ ਜਖਮੀ ਹੋਏ ਕਿਸਾਨਾਂ-ਮਜ਼ਦੂਰਾਂ ਲਈ ਪ੍ਰਵਾਨਿਤ ਰਾਹਤਾਂ ਤੁਰੰਤ ਦੇਣ, ਅੰਦੋਲਨ ਦੌਰਾਨ ਕਿਸਾਨਾਂ-ਮਜ਼ਦੂਰਾਂ ਸਿਰ ਮੜ੍ਹੇ ਪੁਲਿਸ ਕੇਸ ਵਾਪਿਸ ਲੈਣ, ਅੱਗ ਨਾਲ ਸੜੀ ਹਜ਼ਾਰਾਂ ਏਕੜ ਕਣਕ ਦਾ ਮੁਆਵਜ਼ਾ 40 ਹਜ਼ਾਰ ਪ੍ਰਤੀ ਏਜੜ ਤੁਰੰਤ ਦੇਣ ਅਤੇ 23 ਮਈ ਨੂੰ ਆਏ ਤੁਫਾਨ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਪੜਤਾਲ ਕਰਵਾ ਕੇ ਮੁਆਵਜ਼ਾ ਦੇਣ ਵਰਗੀਆਂ ਮੰਗਾਂ ਸ਼ਾਮਲ ਹਨ।ਅਜਦੇ ਇਕੱਠ ਨੂੰ ਸ਼ਿੰਗਾਰਾ ਸਿੰਘ ਮਾਨ, ਜਗਜੀਤ ਸਿੰਘ ਭੂੰਦੜ,ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਮੋਹਣਾ ਸਿੰਘ, ਅਮਰੀਕ ਸਿੰਘ, ਬਲਜੀਤ ਸਿੰਘ, ਕਰਮਜੀਤ ਕੌਰ ਲਹਿਰਾ ਖਾਨਾ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply