Friday, July 5, 2024

ਜੀ.ਕੇ ਵਲੋਂ ਬਾਰਾਪੁਲਾ ਫਲਾਈਓਵਰ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਸੇਤੂ ਰੱਖਣ ‘ਤੇ ਦਿੱਲੀ ਸਰਕਾਰ ਦਾ ਧੰਨਵਾਦ

PPN0906201612

ਨਵੀਂ ਦਿੱਲੀ, 9 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਰਕਾਰ ਵੱਲੋਂ ਬਾਰਾਪੁਲਾ ਫਲਾਈਓਵਰ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਸੇਤੂ ਰੱਖਣ ਦੀ ਤਜਵੀਜ਼ ਦੇ ਮਤੇ ਨੂੰ ਪ੍ਰਵਾਨਗੀ ਦੇਣ ਲਈ ਦਿੱਲੀ ਸਰਕਾਰ, ਦਿੱਲੀ ਨਗਰ ਨਿਗਮ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦਾ ਧੰਨਵਾਦ ਕੀਤਾ ਹੈ। ਦਰਅਸਲ ਕੱਲ ਦਿੱਲੀ ਦੇ ਉਪ ਮੁਖਮੰਤਰੀ ਮਨੀਸ਼ ਸਿਸੋਦੀਆਂ ਦੀ ਅਗਵਾਹੀ ਹੇਠ ਹੋਈ ਉ-ਚ ਪੱਧਰੀ ਮੀਟਿੰਗ ਵਿਚ ਇਨ੍ਹਾਂ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਫਲਾਈਓਵਰ ਦਾ ਨਾਂ ਬਦਲਣ ਦਾ ਫੈਸਲਾ ਲਿਆ ਗਿਆ ਸੀ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਬਦਰਪੁਰ ਬਾਰਡਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਅਸਥਾਨ ਰਿਆਸੀ ਤੋਂ ਬਾਬਾ ਜਤਿੰਦਰ ਪਾਲ ਸਿੰਘ ਗੋਲਡੀ ਵੱਲੋਂ ਲਿਆਉਂਦੇ ਗਏ ਨਗਰ ਕੀਰਤਨ ਦਾ ਕਮੇਟੀ ਵੱਲੋਂ ਭਰਵਾ ਸੁਆਗਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਜੀ.ਕੇ. ਨੇ ਦੱਸਿਆ ਕਿ 1 ਅਪ੍ਰੈਲ 2016 ਨੂੰ ਉਨ੍ਹਾਂ ਦੀ ਪ੍ਰਧਾਨਗੀ ਹੇਠ ਦਿੱਲੀ ਕਮੇਟੀ ਦੀ ਸ਼ਤਾਬਦੀ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਸ਼ਤਾਬਦੀ ਪ੍ਰੋਗਰਾਮਾਂ ਦਾ ਖਰੜਾ ਤਿਆਰ ਕੀਤਾ ਗਿਆ ਸੀ। ਇਸ ਮੀਟਿੰਗ ਦੇ ਏਜੰਡੇ ਅਨੁਸਾਰ ਬਾਬਾ ਜੀ ਦਾ ਸਸਕਾਰ ਜਮੁਨਾ ਕੰਡੇ ਬਾਰਾਪੁਲਾ ਪਿੰਡ ਦੇ ਨਿਵਾਸੀਆਂ ਵੱਲੋਂ ਕਰਨ ਨੂੰ ਮਾਨਤਾ ਦੇਣ ਲਈ ਫਲਾਈਓਵਰ ਦਾ ਨਾਂ ਬਾਬਾ ਜੀ ਦੇ ਨਾਂ ਤੇ ਰਖਾਉਣ ਲਈ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕਰਨ ਦਾ ਫੈਸਲਾ ਲਿਆ ਗਿਆ ਸੀ। ਜਿਸ ਕਰਕੇ ਦਿੱਲੀ ਦੇ ਉਪ ਮੁਖਮੰਤਰੀ ਮਨੀਸ਼ ਸਿਸੋਦੀਆਂ ਨਾਲ ਹੋਈ ਮੀਟਿੰਗ ਦੌਰਾਨ ਵੀ ਇਸ ਮਸਲੇ ਨੂੰ ਚੁੱਕਿਆ ਗਿਆ ਸੀ।  ਜੀ.ਕੇ. ਨੇ ਦਿੱਲੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਕਾਰਨ ਤੋਂ ਮਹਿਰੌਲੀ ਪਾਰਕ ਵਿੱਚ ਬੁੱਤ ਲਗਾਉਣ ਦੀ ਦਿੱਲੀ ਸਰਕਾਰ ਮਨਜੂਰੀ ਨਹੀਂ ਦਿੰਦੀ ਤਾਂ ਉਸ ਹਾਲਾਤ ਵਿਚ ਪੁੱਲ ਦੀ ਸ਼ੁਰੂਆਤ ਵਾਲੀ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਉਣ ਦੀ ਦਿੱਲੀ ਕਮੇਟੀ ਨੂੰ ਮਨਜੂਰੀ ਦੇਣਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੁੱਢਲਾ ਫ਼ਰਜ਼ ਬਣਦਾ ਹੈ ਤਾਂ ਕਿ ਦੁਨੀਆਂ ਦੇ ਲੋਕਾਂ ਤਕ ਬਾਬਾ ਜੀ ਦੀ ਸ਼ਹਾਦਤ ਦਾ ਸੁਨੇਹਾ ਪੁੱਜ ਸਕੇ।ਇਸ ਮੌਕੇ ਦਿੱਲੀ ਕਮੇਟੀ ਦੇ ਅਹੁੱਦੇਦਾਰ ਅਤੇ ਮੈਂਬਰ ਸਾਹਿਬਾਨ ਵੱਡੀ ਗਿਣਤੀ ਵਿਚ ਮੌਜੂਦ ਸਨ। ਨਗਰ ਕੀਰਤਨ ਦੱਖਣੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਅਤੇ ਗੁਰਦੁਆਰਾ ਬਾਲਾ ਸਾਹਿਬ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਸਮਾਪਤ ਹੋਇਆ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply