Friday, July 5, 2024

ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ‘ਤੇ ਕਿੰਤੂ ਕਰਨਾ ਮੰਦਭਾਗਾ- ਅਵਤਾਰ ਸਿੰਘ ਮੱਕੜ

 ਅੰਮ੍ਰਿਤਸਰ,  14 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬੀਤੇ ਕੱਲ੍ਹ ਟਕਸਾਲ ਨਾਲ ਸਬੰਧਤ ਕੁਝ ਵਿਦਿਆਰਥੀਆਂ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ‘ਤੇ ਕੀਤੇ ਕਿੰਤੂ-ਪ੍ਰੰਤੂ ਨੂੰ ਸਿੱਖ-ਪੰਥ ਲਈ ਮੰਦਭਾਗਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਹ ਬੇਹੱਦ ਸੰਜੀਦਾ ਮਸਲਾ ਹੈ ਅਤੇ ਅਜਿਹੇ ਮਸਲਿਆਂ ਬਾਰੇ ਬੋਲਣ ਤੋਂ ਪਹਿਲਾਂ ਹਰੇਕ ਸਿੱਖ ਜਥੇਬੰਦੀ ਨੂੰ ਕਈ ਵਾਰ ਸੋਚਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਸਮੁੱਚੇ ਸਿੱਖ ਪੰਥ ਵੱਲੋਂ ਪ੍ਰਵਾਨਿਆ ਜਾ ਚੁੱਕਾ ਹੈ ਅਤੇ ਇਸ ਦਾ ਪਿਛਲੇ ਸੱਤਰ ਸਾਲਾਂ ਤੋਂ ਸੰਗਤਾਂ ਵਿਚ ਵਿਤਰਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਸ ਸਿੱਖ ਜਥੇਬੰਦੀ ਦੇ ਕੁੱਝ ਲੋਕਾਂ ਵੱਲੋਂ ਇਸ ਦੀ ਮਾਨਤਾ ‘ਤੇ ਸ਼ੰਕਾ ਪੈਦਾ ਕੀਤੀ ਗਈ ਹੈ, ਇਤਿਹਾਸ ਗਵਾਹ ਹੈ ਕਿ ਉਸੇ ਸੰਸਥਾ ਦੇ ਰਹਿ ਚੁੱਕੇ ਮੁਖੀਆਂ ਵੱਲੋਂ ਇਸ ਦੀ ਮਾਨਤਾ ਨੂੰ ਸਵੀਕਾਰ ਕਰਦਿਆਂ ਆਪਣੇ ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸਿੱਖ ਰਹਿਤ ਮਰਯਾਦਾ ਦਾ ਪਾਲਣ ਅਤੇ ਪ੍ਰਚਾਰ ਕਰਨ ਲਈ ਵੀ ਕਿਹਾ ਗਿਆ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥਕ ਪ੍ਰਬੰਧ ਹੇਠ ਗੁਰਦੁਆਰਾ ਸਾਹਿਬਾਨ ਅੰਦਰ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਨਾਲ ਸਬੰਧਤ ਹੀ ਅਨੇਕਾਂ ਵਿਦਿਆਰਥੀਆਂ ਨੇ ਵੱਡੀਆਂ ਪੰਥਕ ਸੇਵਾਵਾਂ ਨਿਭਾਉਂਦਿਆਂ ਇਸ ਪੰਥਕ ਰਹਿਤ ਮਰਯਾਦਾ ਦੀ ਪਹਿਰੇਦਾਰੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅੰਦਰ ਪੰਥ ਅਤੇ ਪੰਥਕ ਪਰਿਵਾਰ ਦੇ ਹਰੇਕ ਗੁਰਸਿੱਖ ਮੈਂਬਰ ਲਈ ਗੁਰੂ ਪੰਥ ਵੱਲੋਂ ਕੁਝ ਅਸੂਲ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਹਰ ਗੁਰਸਿੱਖ ਲਈ ਜ਼ਰੂਰੀ ਹੈ।ਇਹ ਸਿੱਖ ਰਹਿਤ ਮਰਯਾਦਾ ਸੁਯੋਗ ਤੇ ਗੁਰੂ ਬਖਸ਼ਿਸ਼ ਵਾਲੇ ਗੁਰਸਿੱਖਾਂ ਵੱਲੋਂ ਗੁਰਬਾਣੀ ਦੇ ਉਪਦੇਸ਼ ਤੇ ਦਿਸ਼ਾ-ਨਿਰਦੇਸ਼ਾਂ ਹੇਠ ਡੂੰਘੀਆਂ ਵਿਚਾਰਾਂ ਉਪਰੰਤ ਤਿਆਰ ਕੀਤਾ ਗਿਆ ਮਹੱਤਵਪੂਰਨ ਦਸਤਾਵੇਜ਼ ਹੈ। ਸਿੱਖ ਰਹਿਤ ਮਰਯਾਦਾ ਪੰਥਕ ਜੀਵਨ ਜਿਉਣ ਵਾਲਿਆਂ ਲਈ ਵਿਧਾਨ ਹੈ, ਜਿਸ ਨੂੰ ਸਾਡੇ ਪੁਰਖਿਆਂ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਅਦਬ-ਸਤਿਕਾਰ ਤੇ ਮਹਾਨਤਾ ਨੂੰ ਸਵੀਕਾਰਦਿਆਂ ਤਿਆਰ ਕੀਤਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀਗਤ ਡੇਰੇ, ਟਕਸਾਲ, ਸੰਪਰਦਾ, ਜਥੇਬੰਦੀ ਸਭਾ-ਸੁਸਾਇਟੀ ਆਦਿ ਦੇ ਆਪਣੇ ਨਿੱਜੀ ਅਸੂਲ ਤਾਂ ਹੋ ਸਕਦੇ ਹਨ ਪਰ ਪੰਥਕ ਪਰਿਵਾਰ ਦੇ ਹਰੇਕ ਗੁਰਸਿੱਖ ਮੈਂਬਰ ਵਾਸਤੇ ਜੋ ਅਸੂਲ ਹਨ ਉਹ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਅੰਕਿਤ ਹਨ, ਜਿਸ ਨੂੰ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰਨ ਦਾ ਫਰਜ਼ ਨਿਭਾਅ ਰਹੀ ਹੈ।ਉਨ੍ਹਾਂ ਵਿਸ਼ੇਸ਼ ਤੌਰ ‘ਤੇ ਉਲੇਖ ਕਰਦਿਆਂ ਕਿਹਾ ਕਿ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਫੈਸਲੇ ਲਏ ਜਾਂਦੇ ਹਨ ਅਤੇ ਪੰਥਕ ਰਹੂ-ਰੀਤਾਂ ਨੂੰ ਨਿਭਾਇਆ ਜਾਂਦਾ ਹੈ।ਸਿੱਖ ਨੂੰ ਪੰਥਕ ਰਹਿਣੀ ਦਾ ਅੰਗ ਬਣਾਉਣ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹੀ ਸਿੱਖ ਰਹਿਤ ਮਰਯਾਦਾ ਦ੍ਰਿੜ੍ਹ ਕਰਵਾਈ ਜਾਂਦੀ ਹੈ। ਇਸ ਲਈ ਸਿੱਖ ਰਹਿਤ ਮਰਯਾਦਾ ਨੂੰ ਚੁਣੌਤੀ ਦੇਣੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਨੂੰ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਏਕਤਾ, ਇਕਸੁਰਤਾ ਤੇ ਇਕਸਾਰਤਾ ਦੇ ਮੱਦੇਨਜ਼ਰ ਸਿੱਖ ਰਹਿਤ ਮਰਯਾਦਾ ‘ਤੇ ਕਿਸੇ ਨੂੰ ਸਵਾਲੀਆ ਚਿੰਨ੍ਹ ਲਗਾਉਣ ਦਾ ਅਧਿਕਾਰ ਨਹੀਂ ਹੈ ਅਤੇ ਜੋ ਅਜਿਹਾ ਕਰਦੇ ਹਨ ਉਹ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਕਿਸੇ ਤਰ੍ਹਾਂ ਵੀ ਮੁੱਦਈ ਨਹੀਂ ਹੋ ਸਕਦੇ।ਅੱਜ ਸਿੱਖ ਜਥੇਬੰਦੀਆਂ ਅਤੇ ਸੰਪ੍ਰਦਾਵਾਂ ਦੇ ਮੁਖੀਆਂ ਨੂੰ ਇਸ ਪਾਸੇ ਵਿਸ਼ੇਸ਼ ਤਵੱਜੋਂ ਦਿੰਦਿਆਂ ਪੰਥ ਨੂੰ ਨਵੀਂਆਂ ਚੁਣੌਤੀਆਂ ਤੋਂ ਬਚਾਉਣ ਲਈ ਸੁਹਿਰਦ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਪੰਥ ਵਿਚ ਵੰਡੀਆਂ ਨਾ ਪੈਣ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply