Monday, July 8, 2024

476ਵੇਂ ਜਨਮ ਦਿਵਸ ਮੌਕੇ ਮਹਾਰਾਣਾ ਪ੍ਰਤਾਪ ਦੀ ਮੂਰਤੀ ਦਾ ਉਦਘਾਟਨ

PPN0307201610

ਪਠਾਨਕੋਟ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ, ਜੋ ਮਹਾਰਾਣਾ ਪ੍ਰਤਾਪ ਜੀ ਦਾ ਜਨਮ ਦਿਵਸ ਸਰਕਾਰੀ ਤੌਰ ‘ਤੇ ਹਰ ਸਾਲ ਮਨਾਉਂਦੀ ਹੈ। ਇਹ ਪ੍ਰਗਟਾਵਾ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਸਥਾਨਕ ਬੱਸ ਸਟੈਂਡ ਦੇ ਕੰਪਲੈਕਸ ਵਿਖੇ 7 ਲੱਖ ਰੁਪਏ ਦੀ ਲਾਗਤ ਨਾਲ 21 ਫੁੱਟ ਉੱਚੀ ਲਗਾਈ ਗਈ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਉਪਰੰਤ ਮਹਾਰਾਣਾ ਪ੍ਰਤਾਪ ਜੀ ਦੇ 476ਵੇਂ ਜਨਮ ਦਿਵਸ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਸਪੀਕਰ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਕਿਸੇ ਇੱਕ ਕੌਮ ਦੇ ਜਰਨੈਲ ਨਹੀਂ ਸਨ, ਸਗੋਂ ਉਨ੍ਹਾਂ ਨੇ ਸਾਰੇ ਸਮਾਜ ਨੂੰ ਦੇਸ਼ ਭਗਤੀ ਦਾ ਰਾਹ ਦਿਖਾਇਆ। ਉਨ੍ਹਾਂ ਨੇ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਲਈ ਆਪਣੇ ਰਾਜ ਨੂੰ ਤਿਆਗ ਕੇ ਜੰਗਲਾਂ ਵਿੱਚ ਰਹਿਣਾ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਜੋ ਵਿਕਾਸ ਦੇ ਕੰਮ ਕਾਂਗਰਸ ਸਰਕਾਰ ਆਪਣੇ 65 ਸਾਲ ਦੇ ਰਾਜ ਦੌਰਾਨ ਨਹੀਂ ਕਰ ਸਕੀ, ਉਹ ਕੰਮ ਸਾਡੀ ਸਰਕਾਰ ਨੇ 9 ਸਾਲਾਂ ਵਿੱਚ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਤਿੰਨ ਤਿੰਨ ਵਾਰ ਰੱਖੇ ਗਏ ਨੀਂਹ ਪੱਥਰਾਂ ਮਗਰੋਂ ਉਨ੍ਹਾਂ ਦੀ ਉਸਾਰੀ ਦੇ ਕੰਮ ਵੀ ਸਾਡੀ ਅਕਾਲੀ ਭਾਜਪਾ ਸਰਕਾਰ ਨੇ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੰਜਾਬ ਸਰਕਾਰ ਨੇ ਇੰਨ੍ਹਾਂ ਸ਼ਹੀਦਾਂ ਦੇ ਨਾਮ ‘ਤੇ ਗੇਟਾਂ, ਸਕੂਲਾਂ, ਬੱਸ ਸਟੈਂਡਾਂ, ਸਟੇਡੀਅਮਾਂ ਆਦਿ ਦੀ ਉਸਾਰੀ ਕਰਵਾਈ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਮਹਾਰਾਣਾ ਪ੍ਰਤਾਪ ਦੇ ਅਦਰਸ਼ਾਂ ‘ਤੇ ਚੱਲਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਆਪਣਾ ਵੱਡਮੁਲਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਸ਼੍ਰੀਮਤੀ ਸੀਮਾ ਕੁਮਾਰੀ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਬੋਲਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਇੱਕ ਸਿਰੜੀ ਦੇਸ਼ ਭਗਤ, ਆਜ਼ਾਦੀ ਲਈ ਆਖਰੀ ਦਮ ਤੱਕ ਲੜਨ ਵਾਲੇ ਮਹਾਨ ਯੋਧਾ ਅਤੇ ਕੁਸ਼ਲ ਰਣਨੀਤੀਕਾਰ ਸਨ, ਜਿੰਨ੍ਹਾਂ ਨੇ ਸਮਾਜ ਦੀ ਹਰ ਜਾਤੀ ਦੀ ਭਲਾਈ ਲਈ ਕੰਮ ਕੀਤਾ ਅਤੇ ਸਮਾਜ ਨੂੰ ਜੋੜਣ ਲਈ ਵੱਡਮੁਲਾ ਯੋਗਦਾਨ ਪਾਇਆ।ਉਨ੍ਹਾਂ ਨੇ ਬੱਸ ਸਟੈਂਡ ਕੰਪਲੈਕਸ ਵਿਖੇ ਲਗਾਈ ਗਈ ਮਹਾਰਾਣਾ ਪ੍ਰਤਾਪ ਜੀ ਦੀ ਪ੍ਰਤਿਮਾ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਤਿਮਾ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋਵੇਗੀ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਪੂਰੇ ਦੇਸ਼ ਦਾ ਗੌਰਵ ਅਤੇ ਮਾਣ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਬੱਸ ਸਟੈਂਡ ਵਿਖੇ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਲੱਗਾ ਕੇ ਲੋਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਜਿਸ ਕਾਰਨ ਲੋਕਾਂ ਵਿੱਚ ਕਾਫ਼ੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਕੈਪਟਨ ਆਰ.ਐਸ. ਪਠਾਣੀਆਂ ਚੇਅਰਮੈਨ ਪੰਜਾਬ ਰਾਜਪੂਤ ਕਲਿਆਣ ਬੋਰਡ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਰਾਜਪੂਤ ਕਲਿਆਣ ਬੋਰਡ ਦਾ ਗਠਨ ਕੀਤਾ ਹੈ ਅਤੇ ਬੱਸ ਸਟੈਂਡ ਵਿਖੇ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਸਥਾਪਿਤ ਕਰਕੇ ਰਾਜਪੂਤ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਮੁਹਾਲੀ ਵਿਖੇ 1 ਏਕੜ ਜਮੀਨ ਅਲਾਟ ਕਰਕੇ ਮਹਾਰਾਣਾ ਪ੍ਰਤਾਪ ਰਾਜਪੂਤ ਭਵਨ ਉਸਾਰਣ ਜਾ ਰਹੀ ਹੈ।
ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਮਾਸਟਰ ਮੋਹਨ ਲਾਲ ਸਾਬਕਾ ਮੰਤਰੀ ਪੰਜਾਬ, ਹਰਦੀਪ ਸਿੰਘ ਲਮੀਣੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿਹਾਤੀ), ਦਵਿੰਦਰ ਦਰਸ਼ੀ ਅਤੇ ਕੁੰਵਰ ਰਵਿੰਦਰ ਵਿੱਕੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ ਨੇ ਮੁੱਖ ਮਹਿਮਾਨ ਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਇੰਦਰਜੀਤ ਸਿੰਘ ਚਾਵਲਾ ਜੀ.ਐਮ. ਪੰਜਾਬ ਰੋਡਵੇਜ਼, ਮੰਗਲ ਦਾਸ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲ, ਰਾਕੇਸ਼ ਸ਼ਰਮਾ ਮਹਾਮੰਤਰੀ ਭਾਜਪਾ, ਠਾਕੁਰ ਸਾਹਿਬ ਸਿੰਘ ਸਾਬਾ, ਵਿਕਰਮ ਸਿੰਘ, ਰਿਟਾਇਰਡ ਕਰਨਲ ਸਾਗਰ ਸਿੰਘ ਸਲਾਰੀਆ, ਕਰਨਲ ਤੀਰਥ ਸਿੰਘ, ਜਸਵੰਤ ਸਿੰਘ ਰਾਣੀਪੁਰ, ਅਨਿਤਾ ਪਠਾਨੀਆਂ, ਸ਼ਮਸ਼ੇਰ ਬਿੱਟੂ ਅਤੇ ਅਕਾਲੀ ਭਾਜਪਾ ਦੇ ਉੱਘੇ ਨੇਤਾ ਤੇ ਰਾਜਪੂਤ ਭਾਈਚਾਰੇ ਦੇ ਪੱਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply