Monday, July 8, 2024

ਖ਼ਾਲਸਾ ਕਾਲਜ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਮੈਰੀਟੋਰੀਅਸ ਸਕਾਲਰਸ਼ਿਪ ਦੀ ਸ਼ੁਰੂਆਤ

PPN0807201610ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦੁਬਈ ਸਥਿਤ ਉੱਘੀ ਗੈਰ-ਸਰਕਾਰੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦਰਮਿਆਨ ਹੋਏ ਇਕ ਸਮਝੌਤੇ ਤਹਿਤ ਖ਼ਾਲਸਾ ਸੰਸਥਾਵਾਂ ਅਤੇ ਹੋਰ ਬਾਹਰੀ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵੱਲੋਂ +2 ਦੇ ਇਮਤਿਹਾਨਾਂ ਵਿੱਚ 95 ਪ੍ਰਤੀਸ਼ਤ ਤੋਂ ਵਧੇਰੇ ਅੰਕ ਹਾਸਲ ਕਰਨ ‘ਤੇ ਉਨ੍ਹਾਂ ਦੀ ਅਗਲੇਰੀ ਵਿੱਦਿਆ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ। ਇਸ ਮੈਰੀਟੋੇਰੀਅਸ ਸਕਾਲਰਸ਼ਿਪ ਨੂੰ ਪੂਰਨ ਤੌਰ ‘ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਪਾਂਸਰ ਕੀਤਾ ਜਾਵੇਗਾ।
ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਕਤ ਸੰਸਥਾ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ ਵਿਚਾਲੇ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਉਹ ਵਿਦਿਆਰਥੀ ਜੋ ਉਕਤ ਅੰਕਾਂ ਤੋਂ ਵਧੇਰੇ ਵਿੱਚ +2 ਪਾਸ ਕਰਦੇ ਹਨ, ਨੂੰ ਇਸ ਮੈਰੀਟੋਰੀਅਸ ਸਕਾਲਰਸ਼ਿਪ ਅਧੀਨ ਲਿਆਂਦਾ ਜਾਵੇ। ਸ: ਛੀਨਾ ਨੇ ਇਸ ਮੌਕੇ ਕਿਹਾ ਕਿ ਉਹ ਟਰੱਸਟ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਸਕਾਲਰਸ਼ਿਪ ਦਾ ਅਗਾਜ਼ ਇਸੇ ਵਿੱਦਿਅਕ ਸ਼ੈਸ਼ਨ ਤੋਂ ਆਰੰਭ ਕੀਤਾ ਹੈ। ਜਿਸ ਨਾਲ ਆਰਥਿਕ ਪੱਖੋਂ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ।
ਸ: ਛੀਨਾ ਨੇ ਕਿਹਾ ਕਿ ਸ: ਓਬਰਾਏ ਜਿਨ੍ਹਾਂ ਦੇ ਅਨੇਕਾਂ ਲੋਕ ਭਲਾਈ ਦੇ ਕਾਰਜ ਆਰੰਭੇ ਹੋਏ ਹਨ, ਵੱਲੋਂ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਗਤਕੇ ਨੂੰ ਪ੍ਰਫੁਲਿਤ ਕਰਨ ਅਤੇ ਪਤਿਤਪੁਣੇ ਵਿੱਚ ਧੱਸੇ ਜਾ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਕੌਂਸਲ ਨਾਲ ਮਿਲ ਕੇ ਪਹਿਲਾਂ ਹੀ ਇਕ ਸਾਲ ਦਾ ਡਿਪਲੋਮਾ ਮੁਫ਼ਤ ਸ਼ੁਰੂ ਕੀਤਾ ਜਾ ਚੁੱਕਾ ਹੈ। ਸ: ਓਬਰਾਏ ਨੇ ਕਿਹਾ ਕਿ ਗਤਕੇ ਨੂੰ ਬਚਾਉਣ ਅਤੇ ਪ੍ਰਫ਼ੁਲਿਤ ਕਰਨ ਲਈ ਇਸ ਵਿੱਦਿਅਕ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ, ਜਿਸ ਉਪਰੰਤ ਉਨ੍ਹਾਂ ਮੈਰੀਟੋਰੀਅਸ ਸਕਾਲਰਸ਼ਿਪ ਦਾ ਅਗਾਜ਼ ਵੀ ਕਾਲਜ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕਾਲਰਸ਼ਿਪ ਅਧੀਨ 90 ਫੀਸਦੀ ਦਾ ਖਰਚ ਟਰੱਸਟ ਅਤੇ ਗ੍ਰੈਜ਼ੂਏਟ ਤੋਂ ਇਲਾਵਾ ਪੋਸਟ ਗ੍ਰੈਜ਼ੂਏਟ ਤੱਕ ਦੀ ਪੜ੍ਹਾਈ ਦਾ ਬੀੜਾ ਸੰਸਥਾ ਦੁਆਰਾ ਉਠਾਇਆ ਜਾਵੇਗਾ। ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply