Monday, July 1, 2024

ਚੋਣਾਂ ਵਿੱਚ ਹਾਰ ਦੇਖਦਿਆਂ ਕਾਂਗਰਸ ਤੇ ਆਪ ਬੁਖਲਾਹਟ ਵਿੱਚ- ਸੁਖਬੀਰ ਬਾਦਲ

ppn2810201605
ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੋਂ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਦਿਸਣ ਲੱਗ ਪਈ ਹੈ ਜਿਸ ਕਰਕੇ ਦੋਵਾਂ ਪਾਰਟੀਆਂ ਦੇ ਆਗੂ ਬੁਰੀ ਤਰਾਂ ਬੁਖਲਾਹਟ ਵਿਚ ਹਨ।
ਅੱਜ ਇਥੇ ਬਠਿੰਡਾ-ਮਲੋਟ ਰੋਡ ‘ਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੇੜੇ 72.40 ਕਰੋੜ ਦੀ ਲਾਗਤ ਨਾਲ ਉਸਾਰੇ ਰੇਲ ਓਵਰ ਬ੍ਰਿਜ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹਾਰ ਅਟੱਲ ਹੈ ਜਿਸ ਨੂੰ ਦੇਖਦਿਆਂ ਕਾਂਗਰਸ ਅਤੇ ਆਪ ਡਾਢੀ ਪ੍ਰੇਸ਼ਾਨੀ ਵਿਚ ਹਨ।ਸਿਆਸੀ ਪਾਰਟੀਆਂ ਵਲੋਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਤੱਕ ਕੀਤੀ ਪਹੁੰਚ ਸੰਬੰਧੀ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਨਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰਾਬਤਾ ਵਿਰੋਧੀਆਂ ਦੀ ਬੁਖਲਾਹਟ ਦਰਸਾਉਂਦਾ ਹੈ। ਉਨਾਂ ਕਿਹਾ ਕਿ ਹਰ ਵਾਰ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਰਾਜਾਂ ਵਿਚ ਜਾਇਜ਼ਾ ਲੈਣ ਲਈ ਜਾਂਦਾ ਹੈ ਅਤੇ ਜਿਨਾਂ ਲੋਕਾਂ ਨੇ ਖਦਸ਼ਿਆਂ ਨੂੰ ਲੈ ਕੇ ਕਮਿਸ਼ਨ ਨਾਲ ਰਾਬਤਾ ਕੀਤਾ ਉਹ ਸਿਆਸੀ ਬੁਖਲਾਹਟ ਦੇ ਸ਼ਿਕਾਰ ਹਨ ਜਿਨਾਂ ਨੂੰ ਆਪਣੀ ਹਾਰ ਕੰਧ ‘ਤੇ ਲਿਖੀ ਦਿਖਾਈ ਦੇ  ਰਹੀ ਹੈ।ਆਮ ਆਦਮੀ ਪਾਰਟੀ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ‘ਆਪ’ ਦਾ ਵੀ ਪੀ.ਪੀ.ਪੀ. ਵਾਲਾ ਹਾਲ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਸਿਆਸੀ ਅੰਤ ਨੇੜੇ ਹੈ ਅਤੇ ਪੰਜਾਬ ਦੇ ਲੋਕ ‘ਆਪ’ ਨੂੰ ਕਰਾਰੀ ਹਾਰ ਦੇਣਗੇ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ 72.40 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ-ਮਲੋਟ ਰੋਡ ‘ਤੇ ਬਣੇ ਪੁਲ ਨਾਲ ਲੋਕਾਂ ਦੀ ਚਿਰੋਕਣੀ ਮੰਗ ਹੀ ਪੂਰੀ ਨਹੀਂ ਹੋਈ ਸਗੋਂ ਇਹ ਮਾਲਵੇ ਦੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗੀ। ਉਨਾਂ ਕਿਹਾ ਕਿ ਆਉਂਦੇ ਦੋ ਸਾਲਾਂ ਤੱਕ ਪੰਜਾਬ ਦੀ ਕਿਸੇ ਵੀ ਸੜਕ ‘ਤੇ ਰੇਲਵੇ ਕਰਾਸਿੰਗ ਬਿਨਾਂ ਫਲਾਈ ਓਵਰ ਤੋਂ ਨਹੀਂ ਰਹੇਗੀ। ਉਨਾਂ ਕਿਹਾ ਕਿ ਆਉਂਦੇ ਪੰਜ ਸਾਲਾਂ ਤੱਕ ਪੰਜਾਬ ਵਿਕਾਸ ਦੀਆਂ ਸਿਖਰਾਂ ‘ਤੇ ਹੋਵੇਗਾ ਕਿਉਂਕਿ ਮੌਜੂਦਾ ਸਮੇਂ ਵਿਚ ਰਾਜ ਅੰਦਰ ਵਿਕਾਸ ਦੀ ਜਬਰਦਸਤ ਹਨੇਰੀ ਚੱਲ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਮੇਅਰ ਸ਼੍ਰੀ ਬਲਵੰਤ ਰਾਏ ਨਾਥ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply