Monday, July 8, 2024

ਕਾਂਗਰਸ ਦੇ ਆਗੂ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਤੋਂ ਬਾਜ ਆਉਣ – ਪ੍ਰੋ: ਬਡੂੰਗਰ

ਅੰਮ੍ਰਿਤਸਰ, 22 ਜਨਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਾਂਗਰਸ ਦੇ ਆਗੂਆਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਕਿਹਾ ਕਿ ਉਹ ਚੋਣ ਪ੍ਰਚਾਰ ਸਮੇਂ ਹੱਦ ਅੰਦਰ ਰਹਿਣ ਅਤੇ ਸਿੱਖ ਸ਼ਬਦਾਵਲੀ, ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਆਪਣੇ ਢੰਗ ਨਾਲ ਤੋੜ-ਮਰੋੜ ਕੇ ਪੇਸ਼ ਕਰਨ ਦੀ ਹਿਮਾਕਤ ਨਾ ਕਰਨ।

Badunger SGPC1

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਪ੍ਰਗਟਾਵਾ ਬਸੀ ਪਠਾਣਾਂ (ਸ੍ਰੀ ਫਤਹਿਗੜ੍ਹ ਸਾਹਿਬ) ਵਿਖੇ ਕੁਝ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਮਰਦ ਅਗੰਮੜਾ‘ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ‘ਕਾਂਗਰਸ ਕੀ ਸਰਕਾਰ ਲਿਆਊਂ ਤਬੈ ਨਵਜੋਤ ਸਿੱਧੂ ਨਾਮ ਕਹਾਊਂ‘ ਕਹਿਣ ‘ਤੇ ਕੀਤਾ।ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਾਂਗਰਸ ਜਮਾਤ ਜੋ ਸਿੱਖਾਂ ਦੀ ਕਾਤਲ ਵਜੋਂ ਪਛਾਣ ਰੱਖਦੀ ਹੈ ਦੇ ਆਗੂਆਂ ਵੱਲੋਂ ਸਿੱਖ ਸ਼ਬਦਾਵਲੀ, ਮਰਿਆਦਾ ਤੇ ਸਿਧਾਂਤਾਂ ਨੂੰ ਆਪਣੇ ਨਾਲ ਜੋੜ ਕੇ ਅਜਿਹੀਆਂ ਟਿੱਪਣੀਆਂ ਕਰਨੀਆਂ ਅਤੀ ਨਿੰਦਣਯੋਗ ਹਨ।ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਸਿੱਖੀ ਨਾਲ ਜੋੜ ਕੇ ਵਿਵਾਦਿਤ ਬਿਆਨ ਦਿੰਦਾ ਰਿਹਾ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਲੋਕ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਚੱਲ ਰਹੇ ਹਨ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਦੂਜੀ ਵਾਰ ਫਿਰ ਜਾਣਬੁੱਝ ਕੇ ਅਜਿਹੀ ਟਿੱਪਣੀ ਕਰਕੇ ਸਿੱਖੀ ਨੂੰ ਢਾਹ ਲਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ ਜੋ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਦੋਹਾਂ ਵਿਵਾਦਿਤ ਬਿਆਨਾਂ ਸਬੰਧੀ ਕਾਰਵਾਈ ਕਰਨ ਲਈ ਇਹ ਕੇਸ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਪਾਸ ਭੇਜਿਆ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply