Friday, April 26, 2024

ਖੂਬਸੂਰਤ ਫੁੱਲਾਂ ਨਾਲ ਮਹਿਕੇਗਾ ਸ੍ਰੀ ਹਰਿਮੰਦਰ ਸਾਹਿਬ ਦਾ ਚੌਗਿਰਦਾ

 ਪ੍ਰਦੂਸ਼ਣ ਮੁਕਤੀ ਲਈ ਬਣਨਗੀਆਂ ਹਰਿਆਵਲ ਪਾਰਕਾਂ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਚੌਗਿਰਦਾ ਸੁੰਦਰ, ਸੁਗੰਧਤ ਬਣਾਉਣ ਅਤੇ PPN2003201801ਵਾਤਾਵਰਣ ਅੰਦਰ ਪ੍ਰਦੂਸ਼ਣ ਦੀ ਮਾਤਰਾ ਘਟਾਉਣ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਸਥਿਤ ਦੋ ਪਾਰਕਾਂ ਨੂੰ ਖ਼ੂਬਸੂਰਤ ਦਿੱਖ ਦਿੱਤੀ ਜਾਵੇਗੀ, ਜਿਸ ਨੂੰ ਅਮਲ ਵਿਚ ਲਿਆਉਣ ਲਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੀ ਅੰਤ੍ਰਿੰਗ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਬਾਗਬਾਨੀ ਦੇ ਮਾਹਿਰਾਂ ਵੱਲੋਂ ਇੱਕ ਬੈਠਕ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਇਸ ਇਕੱਤਰਤਾ ਦੌਰਾਨ ਡਾ. ਰੂਪ ਸਿੰਘ ਤੋਂ ਇਲਾਵਾ ਬਾਗਬਾਨੀ ਦੇ ਮਾਹਿਰ ਸੇਵਾਮੁਕਤ ਡਾ. ਜੇ. ਐਸ. ਅਰੋੜਾ ਸਾਬਕਾ ਡੀਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਡਾ. ਜਸਵਿੰਦਰ ਸਿੰਘ ਬਿਲਗਾ ਬਾਗਬਾਨੀ ਸਲਾਹਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਵਾਤਾਵਰਣ ਪ੍ਰੇਮੀ ਸਵਾਮੀ ਹੁਸ਼ਿਆਰਪੁਰ ਵਾਲੇ, ਇੰਜੀਨੀਅਰ ਬੀ.ਐਸ ਭੁਲਾਣਾ ਅਤੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਸੰਪ੍ਰਦਾ ਭੂਰੀਵਾਲੇ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਕੱਤਰਤਾ ਦੌਰਾਨ ਮਾਹਿਰਾਂ ਨੇ ਪਾਰਕਾਂ ਸਬੰਧੀ ਕੀਤੀ ਵਿਉਂਤਬੰਦੀ ਅਤੇ ਰੂਪ-ਰੇਖਾ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਸਾਂਝਾ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਾਰਕਾਂ ਦਾ ਨਿਰੀਖਣ ਵੀ ਕੀਤਾ।
    ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਇਨ੍ਹਾਂ ਦੋਹਾਂ ਪਾਰਕਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਉਣ ਲਈ ਮਤਾ ਪਾਸ ਕੀਤਾ ਗਿਆ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਨਵਿਆਉਣ ਦਾ ਕਾਰਜ ਆਰੰਭ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਾਰਕਾਂ ਨੂੰ ਤਿਆਰ ਕਰਨ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਕੀਤੀ ਜਾਵੇਗੀ।ਡਾ. ਰੂਪ ਸਿੰਘ ਨੇ ਕਿਹਾ ਕਿ ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਗਬਾਨੀ ਮਾਹਿਰ ਡਾ. ਜਸਵਿੰਦਰ ਸਿੰਘ ਬਿਲਗਾ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਜੇ.ਐਸ ਅਰੋੜਾ ਦੀਆਂ ਸਲਾਹਕਾਰ ਵਜੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਕਾਂ ਵਿਚ ਚਾਰ ਸਤੰਬ ਬਣਾਏ ਜਾਣਗੇ ਅਤੇ ਹਰ ਸਤੰਬ ਦਾ ਘੇਰਾ 20 ਫੁੱਟ ਹੋਵੇਗਾ।ਸਤੰਬਰ ਦੇ 10 ਸਟੈੱਪ ਹੋਣਗੇ ਅਤੇ ਹਰ ਸਟੈੱਪ ਇੱਕ-ਇੱਕ ਫੁੱਟ ਦਾ ਹੋਵੇਗਾ।ਉਨ੍ਹਾਂ ਦੱਸਿਆ ਕਿ ਹਰ ਸਤੰਬ ਦੇ ਉਪਰ ਫੁਹਾਰਾ ਸਥਾਪਤ ਕੀਤਾ ਜਾਵੇਗਾ ਅਤੇ ਵਿਸ਼ੇਸ਼ ਲਾਈਟਾਂ ਵੀ ਲਗਾਈਆਂ ਜਾਣਗੀਆਂ।ਡਾ. ਰੂਪ ਸਿੰਘ ਅਨੁਸਾਰ ਪਾਰਕਾਂ ਦੇ ਆਲੇ ਦੁਆਲੇ ਖ਼ੂਬਸੂਰਤ ਕਿਆਰੀਆਂ ਤਿਆਰ ਕਰਕੇ ਇਸ ਵਿਚ ਹਰਬਲ ਪੌਦੇ ਲਗਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ।ਇਸ ਤੋਂ ਇਲਾਵਾ ਆਕਸੀਜਨ ਬੰਬ ਦੇ ਨਾਲ-ਨਾਲ ਖ਼ੁਸ਼ਬੂ, ਸੁੰਦਰਤਾ ਅਤੇ ਮੈਡੀਸਨ ਮੁੱਲ ਵਾਲੇ ਪੌਦੇ ਵੀ ਵਿਸ਼ੇਸ਼ ਹੋਣਗੇ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਦਾ ਬਹਾਰ ਅਤੇ ਆਕਸੀਜਨ ਵਾਲੇ ਪੌਦਿਆਂ ਤੋਂ ਇਲਾਵਾ ਵੱਖ-ਵੱਖ 400 ਕਿਸਮਾਂ ਦੇ ਫੁੱਲ ਵੀ ਇਨ੍ਹਾਂ ਪਾਰਕਾਂ ਦਾ ਸ਼ਿੰਗਾਰ ਬਣਨਗੇ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਪਾਰਕਾਂ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਦਾ ਮਨ ਮੋਹਣਗੀਆਂ ਉਥੇ ਹੀ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਕਾਰਗਰ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਨੁੱਖਤਾ ਲਈ ਅਧਿਆਤਮਕ ਸੋਮਾ ਹੋਣ ਕਰਕੇ ਪ੍ਰੇਰਣਾ ਸਰੋਤ ਹਨ।ਇਸ ਲਈ ਵਾਤਾਵਰਣ ਦੀ ਸ਼ੁੱਧੀ ਸਬੰਧੀ ਇਥੋਂ ਮਿਲਣ ਵਾਲਾ ਸੁਨੇਹਾ ਮਨੁੱਖਤਾ ਲਈ ਵਿਸ਼ੇਸ਼ ਤੌਰ ’ਤੇ ਲਾਭਦਾਇਕ ਅਤੇ ਜੀਵਨ ਸੇਧਾਂ ਦੇਣ ਵਾਲਾ ਸਾਬਤ ਹੋਵੇਗਾ।
    ਇਸ ਮੌਕੇ ਬਾਗਬਾਨੀ ਮਾਹਿਰ ਡਾ. ਜੇ.ਐਸ ਅਰੋੜਾ, ਡਾ. ਜਸਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਸਾਡੇ ਲਈ ਇਹ ਬੇਹੱਦ ਪ੍ਰਸੰਨਤਾ ਦੀ ਗੱਲ ਹੈ ਕਿ ਸਾਨੂੰ ਇਨ੍ਹਾਂ ਪਾਰਕਾਂ ਲਈ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਜ਼ੋਰ ਇਸ ਗੱਲ ’ਤੇ ਹੋਵੇਗਾ ਕਿ ਅਸੀਂ ਇਨ੍ਹਾਂ ਪਾਰਕਾਂ ਨੂੰ ਸਿੱਖਿਅਕ ਛੋਹ ਦੇ ਸਕੀਏ।ਮਾਹਿਰਾਂ ਨੇ ਕਿਹਾ ਕਿ ਅੱਜ ਦੀ ਲੋੜ ਇਹ ਹੈ ਕਿ ਜਿਥੇ ਬਾਗਬਾਨੀ ਖ਼ੂਬਸੂਰਤੀ ਦਾ ਪ੍ਰਤੀਕ ਹੋਵੇ, ਉਥੇ ਹੀ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਕ ਸਾਧਨ ਵੀ ਹੋਵੇ।ਕਾਰ ਸੇਵਕ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਮਿਲੀ ਪਾਰਕਾਂ ਦੀ ਸੇਵਾ ਨੂੰ ਉਹ ਸੰਗਤਾਂ ਦੇ ਸਹਿਯੋਗ ਨਾਲ ਸਮੇਂ ਸਿਰ ਸੰਪੰਨ ਕਰਨ ਦਾ ਯਤਨ ਕਰਨਗੇ।ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
    ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਸੁਖਜਿੰਦਰ ਸਿੰਘ ਤੇ ਜਤਿੰਦਰਪਾਲ ਸਿੰਘ ਐਸ.ਡੀ.ਓ ਸਮੇਤ ਹੋਰ ਹਾਜ਼ਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply