Friday, April 26, 2024

ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ – ਐਸ.ਡੀ.ਐਮ.

ਖਰੀਦ ਕੇਂਦਰਾਂ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲਿਆਉਣ ਦੀ ਅਪੀਲ

PPN06101404

ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਦੇ ਨਿਰਦੇਸ਼ਾਂ ‘ਤੇ ਅੱਜ ਐਸ.ਡੀ.ਐਮ ਬਠਿੰਡਾ ਦਮਨਜੀਤ ਸਿੰਘ ਮਾਨ ਨੇ ਗੋਨਿਆਣਾ ਮੰਡੀ ਸਮੇਤ ਬਠਿੰਡਾ ਦੇ ਕਈ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਊਣਤਾਈ ਸਾਹਮਣੇ ਆਉਣ ‘ਤੇ ਸਬੰਧਿਤ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਕਿਹਾ ਕਿ ਪ੍ਰਬੰਧਾਂ ਵਿਚ ਘਾਟ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨੇ ਦੀ ਬੋਲੀ ਸਮੇਂ-ਸਿਰ ਕਰਵਾਉਣੀ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਖਰੀਦ ਕੇਂਦਰਾਂ ਵਿਚ ਖੱਜਲ ਨਾ ਹੋਣਾ ਪਵੇ। ਉਨ੍ਹਾਂ ਲਿਫਟਿੰਗ ਵੀ ਨਾਲੋ-ਨਾਲ ਕਰਵਾਉਣ ਦੀ ਹਦਾਇਤ ਕੀਤੀ।
ਐਸ.ਡੀ.ਐਮ. ਨੇ ਕਿਹਾ ਕਿ ਖਰੀਦ ਕੇਂਦਰਾਂ ਵਿਚ ਬਾਰਦਾਨੇ ਦੀ ਵੀ ਕੋਈ ਘਾਟ ਨਹੀਂ ਆਵੇਗੀ ਅਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਤੋਂ ਇਲਾਵਾ ਹੋਰ ਵੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਰਾਤ ਵੇਲੇ ਲਾਈਟ ਦੇ ਪੂਰੇ ਪ੍ਰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਫਸਲ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ, ਕਿਉਂਕਿ ਨਮੀ ਕਾਰਨ ਉਨ੍ਹਾਂ ਨੂੰ ਜ਼ਿਆਦਾ ਸਮਾਂ ਮੰਡੀਆਂ ਵਿਚ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਗਿੱਲਾ ਝੋਨਾ ਮੰਡੀਆਂ ਵਿਚ ਬਿਲਕੁੱਲ ਨਾ ਲਿਆਂਦਾ ਜਾਵੇ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਕੁਲਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply