Tuesday, April 30, 2024

ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਲਈ ਆਪਾ ਵਾਰਨ ਵਾਲੇ- ਸ਼ਹੀਦ ਬਾਬਾ ਦੀਪ ਸਿੰਘ ਜੀ

Baba Deep Singh Ji

-ਦਿਲਜੀਤ ਸਿੰਘ ‘ਬੇਦੀ’
ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ। ਸਿੱਖ ਸੂਰਮੇ ਸਦਾ ਹੀ ਜਾਬਰ ਦੇ ਅੱਤਿਆਚਾਰਾਂ ਵਿਰੁੱਧ ਅਤੇ ਮਜ਼ਲੂਮ ਦੀ ਰੱਖਿਆ ਲਈ ਢਾਲ ਬਣ ਕੇ ਖੜ੍ਹਦੇ ਰਹੇ ਹਨ।ਸਿੱਖ ਇਤਿਹਾਸ ਅਸਲ ਵਿਚ ਹੈ ਹੀ ਸ਼ਹੀਦਾਂ ਦਾ ਇਤਿਹਾਸ।’ਸ਼ਹਾਦਤ’ ਅਤੇ ‘ਸ਼ਹੀਦ’ ਸ਼ਬਦ ਅਰਬੀ ਭਾਸ਼ਾ ਦੇ ਹਨ। ਸ਼ਹਾਦਤ ਦਾ ਅਰਥ ਹੈ- ਗਵਾਹੀ ਅਤੇ ਸ਼ਹੀਦ, ਸੱਚ ਲਈ ਸਰੀਰ ਦੀ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ। ਸ਼ਹੀਦ ਕੌਮ ਲਈ ਆਪਾ ਵਾਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਸਤੇ ਤਿਆਰ ਕਰਦੇ ਹਨ, ਜੋ ਉਨ੍ਹਾਂ ਦੀ ਸ਼ਹੀਦੀ ਦੀ ਅਸਲ ਯਾਦਗਾਰ ਹੋ ਨਿੱਬੜਦੇ ਹਨ। ਕੋਈ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਸੱਚੀ ਪਰਖ ਭਗਤ ਕਬੀਰ ਜੀ ਇੰਞ ਦੱਸਦੇ ਹਨ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।। (ਪੰਨਾ ੧੧੦੫)
ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਦੇ ਨਜ਼ਦੀਕ ਇਕ ਕਿਰਤੀ ਕਿਰਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਕੁੱਖ ਤੋਂ 26 ਜਨਵਰੀ 1682 ਮੁਤਾਬਕ 14 ਮਾਘ ਸੰਮਤ 1739 ਨੂੰ ਹੋਇਆ। ਬਾਬਾ ਦੀਪ ਸਿੰਘ ਜੀ ਦਾ ਪਾਲਣ-ਪੋਸਣ ਪਹੂਵਿੰਡ ਵਿਚ ਹੀ ਹੋਇਆ।ਆਪ ਜੀ ਨੇ ਆਪਣੇ ਮਾਤਾ-ਪਿਤਾ ਸਮੇਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪ ਸ੍ਰੀ ਆਨੰਦਪੁਰ ਸਾਹਿਬ ਹੀ ਟਿਕ ਗਏ। ਆਪ ਹਰ ਵੇਲੇ ਗੁਰਬਾਣੀ ਪਾਠ ਕਰਨ ਤੇ ਸਿਮਰਨ ਵਿਚ ਬਿਰਤੀ ਜੋੜੀ ਰੱਖਦੇ ਸਨ। ਸ੍ਰੀ ਆਨੰਦਪੁਰ ਸਾਹਿਬ ਵਿਚ ਹੀ ਆਪ ਨੇ ਸ਼ਾਸਤਰ ਤੇ ਸ਼ਸ਼ਤਰ ਵਿੱਦਿਆ ਹਾਸਿਲ ਕੀਤੀ। ਆਪ ਜੀ ਸੁਡੋਲ ਸਰੀਰ ਤੇ ਦ੍ਰਿੜ-ਇਰਾਦੇ ਦੇ ਮਾਲਕ ਸਨ।
ਬਾਬਾ ਦੀਪ ਸਿੰਘ ਜੀ ਇਕ ਪ੍ਰੋੜ ਵਿਦਵਾਨ, ਮਹਾਨ ਸੂਰਬੀਰ, ਸੇਵਾ ਦੇ ਪੁੰਜ ਅਤੇ ਉੱਘੇ ਮਿਸ਼ਨਰੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਗਏ ਜੰਗਾਂ-ਯੁੱਧਾਂ ਵਿਚ ਬਾਬਾ ਦੀਪ ਸਿੰਘ ਜੀ ਨੇ ਸਰਗਰਮੀ ਨਾਲ ਹਿੱਸਾ ਲਿਆ। ਧੀਰਮੱਲੀਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ। ਬਾਬਾ ਜੀ ਨੇ ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ। ਇੱਥੋਂ ਹੀ ਦਮਦਮੀ ਟਕਸਾਲ ਆਰੰਭ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਔਰੰਗਜ਼ੇਬ ਨਾਲ ਮੁਲਾਕਾਤ ਲਈ ਦੱਖਣ ਨੂੰ ਜਾਣ ਲੱਗੇ ਤਾਂ ਆਪ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸੇਵਾ-ਸੰਭਾਲ ਲਈ ਭੇਜ ਦਿੱਤਾ ਅਤੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਬਖਸ਼ਿਸ਼ ਕੀਤੀ। ਬਾਬਾ ਜੀ ਨੇ ਇਹ ਕਾਰਜ ਬੜੇ ਪਿਆਰ ਅਤੇ ਸ਼ਰਧਾ ਨਾਲ ਨਿਭਾਇਆ। ਆਪ ਆਏ ਗਏ ਦੀ ਬੜੇ ਪਿਆਰ ਨਾਲ ਟਹਿਲ-ਸੇਵਾ ਕਰਦੇ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਆਪਣੇ ਹੱਥੀਂ ਕੀਤੇ ਜੋ ਵੱਖ-ਵੱਖ ਤਖ਼ਤ ਸਾਹਿਬਾਨ ‘ਤੇ ਭੇਜੇ ਗਏ। ਬਾਬਾ ਬੰਦਾ ਸਿੰਘ ਬਹਾਦਰ ਜਦ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਅਤੇ ਜੰਗਾਂ ਵਿਚ ਹਿੱਸਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਆਪ ਫਿਰ ਦਮਦਮਾ ਸਾਹਿਬ ਟਿਕ ਗਏ ਅਤੇ ਗੁਰਬਾਣੀ ਪ੍ਰਚਾਰ ਦੀ ਸੇਵਾ ਨਿਭਾਉਂਦੇ ਰਹੇ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਉੱਤੇ ਜ਼ੁਲਮਾਂ ਦਾ ਦੌਰ ਆਰੰਭ ਹੋਇਆ। ਸਿੱਖਾਂ ਨੇ ਛੋਟੇ-ਛੋਟੇ ਜਥੇ ਬਣਾ ਕੇ ਜ਼ੁਲਮਾਂ ਦਾ ਸਾਹਮਣਾ ਕੀਤਾ। ਇਨ੍ਹਾਂ ਜਥਿਆਂ ਦੀ ਗਿਣਤੀ 65 ਤੱਕ ਸੀ। 1748 ਈ: ਵਿਚ ਪੰਥਕ ਆਗੂਆਂ ਨੇ ਮਿਲਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਉਂਤ ਬਣਾਈ ਅਤੇ ਸਾਰੇ ਜਥਿਆਂ ਨੂੰ ਤੋੜ ਕੇ 12 ਮਿਸਲਾਂ ਬਣਾਈਆਂ, ਇਨ੍ਹਾਂ ਵਿਚੋਂ ਇਕ ‘ਸ਼ਹੀਦ ਮਿਸਲ’ ਸੀ, ਜਿਸ ਦੀ ਵਾਗਡੋਰ ਬਾਬਾ ਦੀਪ ਸਿੰਘ ਨੂੰ ਸੌਂਪੀ ਗਈ।
ਬਾਬਾ ਦੀਪ ਸਿੰਘ ਜੀ ਮਿਸਲ ਦੀ ਜਥੇਦਾਰੀ ਦੇ ਨਾਲ-ਨਾਲ ਧਰਮ ਪ੍ਰਚਾਰ ਵਿਚ ਜੁੱਟੇ ਰਹੇ। 1757 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਜਾਂਦਿਆਂ ਹੋਇਆਂ ਲਾਹੌਰ ਰੁਕਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਦੀ ਲੁੱਟ-ਮਾਰ ਕੀਤੀ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ। ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਗੁਰਧਾਮਾਂ ਦੀ ਬੇਅਦਬੀ ਹੋਣ ਬਾਰੇ ਪਤਾ ਲੱਗਾ ਤਾਂ ਇਲਾਕੇ ਦੇ ਸਿੰਘਾਂ ਨੂੰ ਇਕੱਠਾ ਕਰਕੇ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ। ਸਿਰਲੱਥ ਸੂਰਮਿਆਂ ਦਾ ਜਥਾ ਜਦੋਂ ਤਰਨ ਤਾਰਨ ਨਜ਼ਦੀਕ ਪੁੱਜਾ ਤਾਂ ਇਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ। ਮੁਗ਼ਲ ਜਰਨੈਲ ਜਹਾਨਖਾਨ ਨੂੰ ਬਾਬਾ ਦੀਪ ਸਿੰਘ ਦੀ ਅਗਵਾਈ ਵਿਚ ਹੋਣ ਵਾਲੇ ਹਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਜਰਨੈਲ ਅਤਾਈ ਖਾਨ ਨੂੰ ਹਮਲੇ ਦਾ ਟਾਕਰਾ ਕਰਨ ਲਈ ਭੇਜਿਆ। ਗੋਹਲਵੜ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚ ਟੱਕਰ ਹੋਈ। ਜਹਾਨ ਖਾਨ ਵੀ ਦੋ ਹਜ਼ਾਰ ਅਫਗਾਨੀ ਸਿਪਾਹੀ ਲੈ ਕੇ ਗੋਹਲਵੜ ਦੇ ਸਥਾਨ ‘ਤੇ ਆ ਡਟਿਆ। ਪਹਿਲੇ ਹੀ ਹੱਲੇ ਵਿਚ ਜਹਾਨ ਖਾਂ ਦੇ ਸਿਪਾਹੀਆਂ ਦੇ ਪੈਰ ਉਖੱੜ ਗਏ ਅਤੇ ਉਹ ਰਣ-ਖੇਤਰ ਵਿੱਚੋਂ ਭੱਜ ਉਠੇ। ਜਰਨੈਲ ਅਤਾਈ ਖਾਂ ਵੀ ਫ਼ੌਜ ਦਾ ਵੱਡਾ ਦਲ ਲੈ ਕੇ ਆ ਗਿਆ ਸੀ। ਘਮਸਾਨ ਦਾ ਯੁੱਧ ਹੋਇਆ। ਸਿੰਘ ਆਪਣੇ ਪਾਵਨ ਤੀਰਥ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਜਾਨ ਮਾਰ ਕੇ ਲੜ ਰਹੇ ਸਨ। ਇਨ੍ਹਾਂ ਨੇ ਅਫਗਾਨਾਂ ਦੇ ਛੱਕੇ ਛੁਡਾ ਦਿੱਤੇ। ਘਮਸਾਨ ਦੇ ਯੁੱਧ ਵਿਚ ਬਾਬਾ ਜੀ ਦੀ ਧੌਣ ਉਤੇ ਤਲਵਾਰ ਦਾ ਘਾਤਕ ਵਾਰ ਲੱਗਾ। ਲੇਕਿਨ ਫਿਰ ਵੀ ਆਪ ਸਿਰ ਨੂੰ ਤਲੀ ਦਾ ਸਹਾਰਾ ਦੇ ਲੜਦੇ ਹੋਏ ਅੱਗੇ ਵਧਦੇ ਗਏ। ਆਖਰ ਬਾਬਾ ਦੀਪ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕ੍ਰਮਾ ਵਿਚ ਸਤਿਗੁਰੂ ਨੂੰ ਸੀਸ ਭੇਟ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ। ਸਿੱਖ ਕੌਮ ਨੂੰ ਮਾਣ ਹੈ ਕਿ 75 ਸਾਲ ਦੀ ਵਡੇਰੀ ਉਮਰ ਦੇ ਬਾਬਾ ਦੀਪ ਸਿੰਘ ਜੀ ਨੇ ਸਿੱਖ ਗੁਰਧਾਮਾਂ ਦੀ ਹੋਈ ਬੇਅਦਬੀ ਨੂੰ ਵੰਗਾਰ ਸਮਝਕੇ ਗੁਰਧਾਮਾਂ ਦੀ ਰੱਖਿਆ ਲਈ ਸਿਰ ਤਲੀ ਧਰ ਕੇ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਦੇ ਮਨ ਵਿੱਚ ਗੁਰੂ ਪ੍ਰਤੀ ਪ੍ਰੇਮ ਦੀ ਤਾਂਘ ਅਤੇ ਸਿੱਖੀ ਸਿਧਾਂਤਾਂ ਦੀ ਰੱਖਿਆ ਦੀ ਰੀਝ ਸੀ। ਸਤਿਗੁਰਾਂ ਦਾ ਦਿੱਤਾ ਹੁਕਮ ਉਨ੍ਹਾਂ ਨੇ ਕਮਾ ਕੇ ਦਿਖਾ ਦਿੱਤਾ।
ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਅਤੇ ਗੁਰਧਾਮਾਂ ਦੀ ਰੱਖਿਆ ਖ਼ਾਤਰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਵਿਲੱਖਣ ਦਾਸਤਾਨ ਹੈ। 26 ਜਨਵਰੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਉਨ੍ਹਾਂ ਦੇ ਜਨਮ ਅਸਥਾਨ ਪਹੂਵਿੰਡ (ਤਰਨ ਤਾਰਨ) ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ-ਭਾਵਨਾ ਨਾਲ ਮਨਾ ਰਹੀਆਂ ਹਨ। ਆਓ! ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਾਵਨ ਗੁਰਧਾਮਾਂ ਦੀ ਸੇਵਾ-ਸੰਭਾਲ ਤੇ ਪਹਿਰੇਦਾਰੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਆਸ਼ੇ ਅਨੁਸਾਰ ਕਰੀਏ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।

Diljit Singh Bedi

-ਦਿਲਜੀਤ ਸਿੰਘ ‘ਬੇਦੀ’  (ਐਡੀ: ਸਕੱਤਰ)

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

Check Also

ਸਿੱਖਾਂ ਦਾ ਕੌਮੀ ਤਿਉਹਾਰ ‘ਹੋਲਾ ਮਹੱਲਾ’

ਭਾਰਤ ਅੰਦਰ ਮਨਾਏ ਜਾਂਦੇ ਮੌਸਮੀ ਤਿਉਹਾਰਾਂ ਨੂੰ ਖਾਲਸਾ ਪੰਥ ਨਵੇਕਲੇ ਅਤੇ ਖ਼ਾਲਸੀ ਰੰਗ-ਢੰਗ ਨਾਲ ਮਨਾਉਂਦਾ …

Leave a Reply