Monday, July 1, 2024

ਦਿੱਲੀ-ਬਠਿੰਡਾ ਰੇਲਵੇ ਟਰੈਕ ‘ਤੇ ਰੇਲਵੇ ਓਵਰਬ੍ਰਿਜ ਤੇ 13 ਸਬ ਵੇਅ ਦੇਣ ਲਈ ਹਰਸਿਮਰਤ ਬਾਦਲ ਵਲੋਂ ਰੇਲਵੇ ਮੰਤਰੀ ਦਾ ਧੰਨਵਾਦ

ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਰੇਲਵੇ ਬਜਟ ਵਿੱਚ 10 ਸਾਲ ਵਿਤਕਰੇ ਦਾ ਸ਼ਿਕਾਰ ਹੋਏ ਪੰਜਾਬ ਸੂਬੇ ਨੂੰ ਐਨ.ਡੀ.ਏ. ਸਰਕਾਰ ਵੱਲੋਂ ਪਿਛਲੇ ਸਾਲ ਤੋਂ ਦਿੱਤੀ ਜਾਂਦੇ ਤੋਹਫੇ ਇਸ ਸਾਲ ਵੀ ਰੇਲਵੇ ਬਜਟ ਦੌਰਾਨ ਜਾਰੀ ਰਹੇ। ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦਾ ਪੰਜਾਬ ਖਾਸ ਕਰ ਕੇ ਮਾਲਵਾ ਖੇਤਰ ‘ਤੇ ਸਵੱਲੀ ਨਜ਼ਰ ਰੱਖਣ ਲਈ ਧੰਨਵਾਦ ਕੀਤਾ। ਸ੍ਰੀਮਤੀ ਬਾਦਲ ਨੇ ਰੇਲਵੇ ਮੰਤਰੀ ਦਾ ਬੀਤੇ ਦਿਨ ਪੇਸ਼ ਕੀਤੇ ਰੇਲ ਬਜਟ ਦੌਰਾਨ ਬਠਿੰਡਾ-ਮਾਨਸਾ ਖੇਤਰ ਵਿੱਚ ਰੇਲਵੇ ਟਰੈਕ ਉਤੇ ਇਕ ਰੇਲਵੇ ਓਵਰਬ੍ਰਿਜ ਅਤੇ 13 ਸਬ ਵੇਅਜ਼ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਭਾਈ ਬਖਤੌਰ ਪਿੰਡ ਵਿਖੇ ਮਾਨਸਾ ਰੋਡ ‘ਤੇ ਦਿੱਲੀ-ਬਠਿੰਡਾ ਰੇਲਵੇ ਟਰੈਕ ਉਤੇ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਭਵਾਨੀਗੜ੍ਹ-ਭੀਖੀ-ਕੋਟਸ਼ਮੀਰ ਰੋਡ ‘ਤੇ ਮਨਜ਼ੂਰ ਹੋਏ ਇਸ ਰੇਲਵੇ ਓਵਰਬ੍ਰਿਜ ਦੀ ਬਹੁਤ ਸਖਤ ਲੋੜ ਸੀ ਅਤੇ ਇਸ ਨਾਲ ਪੂਰੇ ਦੱਖਣੀ ਮਾਲਵੇ ਖਿੱਤੇ ਨੂੰ ਫਾਇਦਾ ਮਿਲੇਗਾ। ਸ੍ਰੀਮਤੀ ਬਾਦਲ ਨੇ ਰੇਲਵੇ ਮੰਤਰੀ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਰੇਲਵੇ ਓਵਰਬ੍ਰਿਜ ਤੋਂ ਇਲਾਵਾ ਰੇਲਵੇ ਮੰਤਰਾਲੇ ਨੇ ਬਠਿੰਡਾ ਜ਼ਿਲੇ ਵਿੱਚ ਲੈਵਲ ਕਰਾਸਿੰਗ ਲਈ 13 ਸਬ ਵੇਅਜ਼ ਬਣਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਚਾਰ ਮਨੁੱਖ ਰਹਿਤ (ਰੋਡੇ) ਫਾਟਕ ਵਾਲੀਆਂ ਕਰਾਸਿੰਗ ਅਤੇ 9 ਹੋਰ ਰੇਲਵੇ ਕਰਾਸਿੰਗ ਹਨ। ਉਨ੍ਹਾਂ ਕਿਹਾ ਕਿ ਸ਼ੇਰਗੜ੍ਹ-ਬਠਿੰਡਾ ਰੋਡ ਉਤੇ ਦੋ ਰੇਲਵੇ ਕਰਾਸਿੰਗ ਨੂੰ ਸਬ ਵੇਅ ਮਿਲੇ ਹਨ। ਇਸੇ ਤਰ੍ਹਾਂ ਕਰਤਾਰ ਸਿੰਘ ਵਾਲਾ-ਬਠਿੰਡਾ ਰੋਡ ਉਤੇ ਇਕ ਮੁੱਖ ਰਹਿਤ ਰੇਲਵੇ ਕਰਾਸਿੰਗ, ਦੋ ਮੌੜ-ਮਾਇਸਰਖਾਨਾ ਰੋਡ ਅਤੇ ਕੋਟਫੱਤਾ ਕਰਤਾਰ ਸਿੰਘ ਵਾਲਾ ਰੋਡ ਨੂੰ ਵੀ ਸਬ ਵੇਅ ਮਿਲੇ ਹਨ। ਸਿਰਸਾ ਬਾਈਪਾਸ ਉਤੇ ਵੀ ਦੋ ਸਬ ਵੇਅ ਮਿਲੇ ਹਨ। ਬਠਿੰਡਾ ਜ਼ਿਲੇ ਤੋਂ ਇਲਾਵਾ ਮਾਨਸਾ ਜ਼ਿਲੇ ਵਿੱਚ ਵੀ ਅਹਿਮ ਰੇਲਵੇ ਕਰਾਸਿੰਗ ਨੂੰ ਸਬ ਵੇਅਜ਼ ਮਿਲੇ। ਮਾਨਸਾ ਜ਼ਿਲੇ ਵਿੱਚ ਬੁੱਢਲਾਡਾ-ਨਰਿੰਦਰਪੁਰਾ ਰੋਡ ਉਤੇ ਅਹਿਮਦਪੁਰ ਪਿੰਡ ਕੋਲ ਪੰਜ ਰੇਲਵੇ ਕਰਾਸਿੰਗ ‘ਤੇ ਸਬ ਵੇਅਜ਼ ਮਿਲੇ ਹਨ। ਸ੍ਰੀਮਤੀ ਬਾਦਲ ਨੇ ਦੱਸਿਆ ਕਿ ਰੇਲਵੇ ਮੰਤਰੀ ਦਾ ਉਹ ਇਸ ਗੱਲੋਂ ਵੀ ਧੰਨਵਾਦ ਕਰਦੇ ਹਨ ਕਿ ਪਿਛਲੇ ਸਾਲ ਵੀ ਉਨ੍ਹਾਂ ਪੰਜਾਬ ਨੂੰ ਵੱਡੇ ਤੋਹਫੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਰੇਲ ਬਜਟ ਦੌਰਾਨ ਐਨ.ਡੀ.ਏ. ਸਰਕਾਰ ਨੇ 2015-16 ਲਈ ਪੰਜਾਬ ਨੂੰ ਰੇਲਵੇ ਬਜਟ ਵਿੱਚੋਂ 1059 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ਯੂ.ਪੀ.ਏ. ਸਰਕਾਰ ਨਾਲ ਤੁਲਨਾ ਕਰਦਿਆਂ ਦੱਸਿਆ ਕਿ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਸੀ ਤਾਂ ਪੰਜਾਬ ਨੂੰ 2008-09 ਵਿੱਚ 185.35 ਕਰੋੜ ਰੁਪਏ, 2009-10 ਵਿੱਚ 163.25 ਕਰੋੜ ਰੁਪਏ, 2010-11 ਵਿੱਚ 318.76ਕਰੋੜ ਰੁਪਏ, 2011-12 ਵਿੱਚ 245.6 ਕਰੋੜ ਰੁਪਏ, 2012-13 ਵਿੱਚ 159.4 ਕਰੋੜ ਰੁਪਏ ਜਦੋਂ ਕਿ 2013-14 ਵਿੱਚ 236.88 ਕਰੋੜ ਮਿਲੇ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply