Friday, April 26, 2024

ਦੁਨੀਆਦਾਰੀ’ ਗੀਤ ਨਾਲ ਚਰਚਾ ‘ਚ ਗੀਤਕਾਰ ਲਾਡੀ ਸੈਂਸਰਾ

‘ਪਿਛਲੇ ਦਿਨੀਂ ਪੰਜਾਬੀ ਦੇ ਸਿਰਮੌਰ ਗਾਇਕ ਕੁਲਦੀਪ ਰੰਧਾਵਾ ਦੀ ਅਵਾਜ਼ ਵਿੱਚ ਕੰਪਨੀ ਵਲੋਂ ਰਲੀਜ਼ ਹੋਏ ਗੀਤ ‘ਦੁਨੀਆਦਾਰੀ’ ਨਾਲ ਗੀਤਕਾਰ ਲਾਡੀ ਸੈਂਸਰਾ ਇਕ ਵਾਰ ਫਿਰ ਬੁਲੰਦੀਆਂ ਛੂਹ ਰਿਹਾ ਹੈ।ਇਸ ਤੋਂ ਪਹਿਲਾਂ ਕੁਲਦੀਪ ਰੰਧਾਵਾ ਨੇ ਲਾਡੀ ਸੈਂਸਰੇ ਦੇ ਅੱਧੀ ਦਰਜ਼ਨ ਦੇ ਕਰੀਬ ਗੀਤ ਗਾਏ ਹਨ।ਦੁਨੀਆਂ ਦੇ ਸਭ ਤੋਂ ਖੂਬਸੂਰਤ ਰਿਸ਼ਤੇ ਮਾਂ ਦੀ ਅਹਿਮੀਅਤ ਨੂੰ ‘ਦੁਨੀਆਦਾਰੀ’ ਗੀਤ ਵਿੱਚ ਲਾਡੀ ਸੈਂਸਰੇ ਨੇ ਰੀਝ ਨਾਲ ਸਿਰਜਿਆ ਹੈ।
ਗੀਤਕਾਰੀ ਤੇ ਅਦਾਕਾਰੀ ਦੇ ਖੇਤਰ ਵਿਚ ਨਵੀਆਂ ਪੁਲਾਂਘਾਂ ਪੁੱਟਣ ਵਾਲੇ ਗੁਰਵਿੰਦਰ ਸਿੰਘ ਉਰਫ ਲਾਡੀ ਸੈਂਸਰਾ ਦਾ ਜਨਮ ਕੋਈ ਚਾਰ ਦਹਾਕੇ ਪਹਿਲਾਂ ਪਿਤਾ ਮਹਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਦਵਿੰਦਰ ਕੌਰ ਦੇ ਘਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਂਸਰਾ ਕਲਾਂ ਵਿਖੇ ਹੋਇਆ।ਗੀਤ ਲਿਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਪੈ ਗਿਆ ਸੀ।
ਪਿੰਡ ਦੇ ਸਰਕਾਰੀ ਸਕੂਲ ਤੋਂ ਦਸਵੀਂ ਕਰਨ ਤੋਂ ਬਾਅਦ ਜਦੋਂ ਉਸ ਨੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਗਿਆਰਵੀਂ ਵਿੱਚ ਦਾਖਲਾ ਲਿਆ ਤਾਂ ਉਸ ਦੀ ਮੁਲਾਕਾਤ ਡਾ. ਦਰਿਆ ਨਾਲ ਹੋਈ ਤਾਂ ਉਸ ਦੀ ਗੀਤਕਾਰੀ ਨੂੰ ਸਹੀ ਸੇਧ ਮਿਲੀ ਅਤੇ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਲਾਡੀ ਸੈਂਸਰੇ ਦੇ ਪਹਿਲੇ ਦੋ ਗੀਤ ‘ਖੂਹ ‘ਤੇ ਪਾਣੀ ਭਰਨ ਵਾਲੀਏ’ ਅਤੇ ‘ਇਕ ਸੋਹਣੀ ਸ਼ੈਲ ਜਵਾਨ ਕੁੜੀ’ ਰਾਜਨ ਪੰਜਾਬੀ ਦੀ ਆਵਾਜ਼ ਵਿੱਚ ਕੰਪਨੀ ਦੁਆਰਾ ਰਿਕਾਰਡ ਹੋਏ ਜਿਨ੍ਹਾਂ ਨਾਲ ਲਾਡੀ ਸੈਂਸਰੇ ਦਾ ਨਾਮ ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਮੀਲ ਪੱਥਰ ਵਜੋਂ ਸਥਾਪਿਤ ਹੋ ਗਿਆ।ਉਸ ਤੋਂ ਬਾਅਦ ਦਲਜੀਤ ਸੰਧੂ ਦੀ ਅਵਾਜ਼ ਵਿੱਚ ਰਿਕਾਰਡ ਗੀਤ ‘ਹੁਣ ਲੱਗਦੀ ਨਾ ਮੁੰਡਿਆਂ ਦੀ ਖੈਰ ਕੁੜੀਏ’ ਨਾਪੁਰ ਕੰਪਨੀ ਵਲੋਂ ਰਲੀਜ਼ ਕੀਤਾ ਗਿਆ, ਜਿਸ ਨੇ ਬਹੁਤ ਨਾਮਣਾ ਖੱਟਿਆ।ਗੀਤਕਾਰ ਭਿੰਦਰ ਡੱਬਵਾਲੀ, ਬਚਨ ਬੇਦਿਲ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਲਾਡੀ ਸੈਂਸਰਾ ਆਪਣੇ ਆਦਰਸ਼ ਲੇਖਕ ਮੰਨਦਾ ਹੈ ਜਿਹਨਾਂ ਦੀਆਂ ਲਿਖਤਾਂ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ।
ਡੀ.ਏ.ਵੀ ਕਾਲਜ ਤੋਂ ਡਿਗਰੀ ਕਰਨ ਤੋਂ ਬਾਅਦ ਉਹ ਕੁੱਝ ਸਾਲ ਨੌਕਰੀ ਦੀ ਭਾਲ ਵਿੱਚ ਇਧਰ-ਉਧਰ ਭਟਕਿਆ, ਪਰ ਸਖਤ ਮਿਹਨਤ ਅਤੇ ਕੰਮ ਵਿਚ ਲਗਨ ਸਦਕਾ ਉਸ ਨੂੰ ਜੁਡੀਸ਼ੀਅਲ ਮਹਿਕਮੇ ਵਿੱਚ ਨੌਕਰੀ ਮਿਲ ਗਈ।ਨੌਕਰੀ ਦੇ ਨਾਲ-ਨਾਲ ਉਹ ਆਪਣੇ ਸ਼ੌਕ ਵਜੋਂ ਗੀਤ ਵੀ ਲਿਖਦਾ ਰਿਹਾ।
ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਰੰਧਾਵਾ ਦੀ ਆਵਾਜ਼ ਵਿੱਚ ਆਏ ਲੋਕ-ਤੱਥ ‘ਵਕਤ ਸਿਆਣਿਆਂ ਕਰ ਦਿੰਦਾ ਏ ਮਿਤਰੋ ਬੰਦੇ ਨੂੰ’ ਨੇ ਲਾਡੀ ਸੈਂਸਰੇ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।ਇਸ ਦੇ ਨਾਲ ਹੀ ਕੁਲਦੀਪ ਰੰਧਾਵਾ ਦੀ ਅਵਾਜ਼ ਵਿੱਚ ਲਾਡੀ ਸੈਂਸਰੇ ਦੇ ਗੀਤ ‘ਵੱਟਾਂ’, ‘ਰਫਲਾਂ’, ‘ਖੱਟਾ-ਮਿੱਠਾ’ ਅਤੇ ‘ਮਾਂ’ ਵੀ ਬੇਹੱਦ ਚਰਚਿਤ ਹਨ।
ਇਸ ਤੋਂ ਇਲਾਵਾ ਲਾਡੀ ਸੈਂਸਰੇ ਦੀ ਕਲਮ ਤੋਂ ਲਿਖੇ ਗੀਤ ਸੁਖਵਿੰਦਰ ਮਾਹਲਾ ਦੀ ਅਵਾਜ਼ ਵਿਚ ‘ਰੌਲੇ ਵਾਲੀ ਪੈਲ਼ੀ’, ‘ਮੁੰਡਾ ਕਾਲਜ ‘ਚ ਪੜ੍ਹਦਾ’ ਅਤੇ ਜਤਿੰਦਰ ਸੈਂਸਰਾ ਦੀ ਅਵਾਜ਼ ਵਿਚ ‘ਗਲੀ ਦੇ ਕੱਖ’ ਬਹੁਤ ਮਕਬੂਲ ਹੋਏ ਹਨ।ਪ੍ਰਸਿੱਧ ਪੰਜਾਬੀ ਗਾਇਕ ਮੇਜਰ ਰਾਜਸਥਾਨੀ ਉਸ ਦਾ ਆਦਰਸ਼ ਗਾਇਕ ਹੈ।ਅੱਜਕਲ੍ਹ ਦੀ ਹਥਿਆਰਾਂ ਵਾਲੀ ਗੀਤਕਾਰੀ ਤੋਂ ਦੂਰ ਲਾਡੀ ਸੈਂਸਰਾ ਆਪਣੇ ਗੀਤਾਂ ਵਿੱਚ ਹਮੇਸ਼ਾਂ ਪੰਜਾਬੀ ਕਦਰਾਂ-ਕੀਮਤਾਂ, ਸਮਾਜਿਕ ਰਿਸ਼ਤਿਆਂ ਅਤੇ ਲੋਕ ਸੱਚਾਈਆਂ ਦੀ ਗੱਲ ਕਰਦਾ ਹੈ।
ਡਾ. ਆਤਮਾ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਲਾਡੀ ਸੈਂਸਰਾ ਨੇ ਅੱਧੀ ਦਰਜਨ ਦੇ ਕਰੀਬ ਟੈਲੀ ਫ਼ਿਲਮਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ।ਜਿਨ੍ਹਾਂ ਵਿੱਚ ‘ਵੱਡਿਆਂ ਦੀ ਬੇਕਦਰੀ’, ‘ਬੰਦੇ ਨਾਲੋਂ ਜਾਨਵਰ ਚੰਗੇ’, ‘ਲੜਕੀ ਦੀ ਬਦਖੋਈ’, ‘ਪਿਆਰ ਤੇ ਆਪਣਾਪਨ’, ‘ਬਜ਼ੁਰਗਾਂ ਨਾਲ ਧਕਾ’, ‘ਧੀ ਦਾ ਵਿਆਹ’, ‘ਕਾਲਾ ਚਾਨਣ’ ਆਦਿ ਦੇ ਨਾਮ ਵਰਣਨਯੋਗ ਹਨ।ਅੱਜਕਲ੍ਹ ਉਹ ਪੰਜਾਬੀ ਰੰਗਮੰਚ ਤੇ ਫ਼ਿਲਮ ਖੇਤਰ ‘ਚ ਜਾਣੇ-ਪਛਾਣੇ ਨਾਂਅ ਐਡਵੋਕੇਟ ਅਸ਼ੋਕ ਭਗਤ ਦੀ ਨਿਰਦੇਸ਼ਨਾ ਹੇਠ ਲੜੀਵਾਰ ਸੀਰੀਅਲ ‘ਸਾਡਾ ਵਿਰਸਾ ਸਾਡੀ ਸੱਥ’ ਕਰ ਰਿਹਾ ਹੈ।
ਸ਼ਾਲਾ! ਗੁਰਵਿੰਦਰ ਸਿੰਘ ਲਾਡੀ ਸੈਂਸਰਾ ਗੀਤਕਾਰੀ ਤੇ ਅਦਾਕਾਰੀ ਰਾਹੀਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਕੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਦਾ ਰਹੇ।
ਆਮੀਨ! 0502202308

ਮਰਕਸ ਪਾਲ ਗੁਮਟਾਲਾ
ਖਾਲਸਾ ਕਾਲਜ ਸੀਨੀ. ਸੈਕੰ. ਸਕੂਲ, ਅੰਮ੍ਰਿਤਸਰ।
ਮੋ – 9872070182

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …